ਸੈਣੀ ਵੱਲੋਂ ਨੇਚਰ ਕੈਂਪ ਥਾਪਲੀ ਦਾ ਉਦਘਾਟਨ
ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਸਰੋਤਾਂ ਦੀ ਲਗਾਤਾਰ ਵਰਤੋਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪੰਚਕੂਲਾ ਜ਼ਿਲ੍ਹੇ ਦੇ ਮੋਰਨੀ ਖੇਤਰ ਵਿੱਚ ਨਵੀਨੀਕਰਨ ਮਗਰੋਂ ਨੇਚਰ ਕੈਂਪ ਥਾਪਲੀ ਦਾ ਉਦਘਾਟਨ ਕੀਤਾ।...
ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਸਰੋਤਾਂ ਦੀ ਲਗਾਤਾਰ ਵਰਤੋਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪੰਚਕੂਲਾ ਜ਼ਿਲ੍ਹੇ ਦੇ ਮੋਰਨੀ ਖੇਤਰ ਵਿੱਚ ਨਵੀਨੀਕਰਨ ਮਗਰੋਂ ਨੇਚਰ ਕੈਂਪ ਥਾਪਲੀ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਵੀਨੀਕਰਨ ਤੋਂ ਬਾਅਦ ਇਕੋ-ਕੁਟੀਰ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਨੇ ਆਯੁਰਵੈਦਿਕ ਪੰਚਕਰਮਾ ਕੇਂਦਰ ਦਾ ਨਿਰੀਖਣ ਕਰ ਕੇ ਉੱਥੇ ਉਪਲਬਧ ਸਿਹਤ ਸੇਵਾਵਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਮੰਤਰੀ ਰਾਓ ਨਰਬੀਰ ਸਿੰਘ ਅਤੇ ਵਿਧਾਇਕ ਸ਼ਕਤੀ ਰਾਣੀ ਸ਼ਰਮਾ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਇੱਥੇ ਕਾਲਕਾ ਤੋਂ ਕਲੇਸਰ ਤੱਕ ਬਣਾਏ ਗਏ ਨੇਚਰ ਟ੍ਰੇਲ ’ਤੇ ਟਰੈਕਿੰਗ ਲਈ ਇੱਕ ਦਲ ਨੂੰ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਟਰੈਕ ਹਰਿਆਣਾ ਦੇ ਨੌਜਵਾਨਾਂ ਨੂੰ ਐਡਵੈਂਚਰ ਸੈਰ-ਸਪਾਟਾ ਦੇ ਵੱਲ ਖਿਚੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮੋਰਨੀ ਖੇਤਰ ਦੀ ਭੂਗੋਲਿਕ ਸੁੰਦਰਤਾ ਤੇ ਸ਼ਾਂਤ ਵਾਤਾਵਰਨ ਇਸ ਨੂੰ ਕੁਦਰਤੀ ਸੈਰ-ਸਪਾਟੇ ਲਈ ਖਿੱਚ ਭਰਪੂਰ ਬਣਾਉਂਦੇ ਹਨ। ਸਰਕਾਰ ਦੀ ਰਣਨੀਤੀ ਇਸ ਖੇਤਰ ਨੂੰ ਇੱਕ ਸਮੁੱਚਾ ਈਕੋ-ਟੂਰਿਜ਼ਮ ਮਾਡਲ ਵਜੋਂ ਵਿਕਸਿਤ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਹਾੜੀ ਖੇਤਰਾਂ ਵਿੱਚ ਸਹੂਲਤਾਂ ਦੇ ਵਿਕਾਸ ਨਾਲ ਜਿੱਥੇ ਇੱਕ ਪਾਸੇ ਵੱਧ ਸੈਲਾਨੀ ਆਉਣਗੇ, ਉੱਥੇ ਦੂਜੇ ਪਾਸੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਅਤੇ ਕਾਰੋਬਾਰ ਦੇ ਨਵੇਂ ਮੌਕੇ ਮਿਲਣਗੇ।

