ਰੂਪਨਗਰ: ਸਰਸਾ ਨਦੀ ਦੇ ਹੜ੍ਹ ਦਾ ਪਾਣੀ ਆਸਪੁਰ ਪਿੰਡ ਤੱਕ ਪੁੱਜਿਆ, 4 ਮਜ਼ਦੂਰ ਹੜ੍ਹ ਦੇ ਪਾਣੀ ’ਚ ਫਸੇ
ਘਨੌਲੀ ਅਤੇ ਨੇੜਲੇ ਇਲਾਕਿਆਂ ਤੋਂ ਇਲਾਵਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਬੀਤੀ ਦੇਰ ਰਾਤ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਕਾਰਨ ਰੂਪਨਗਰ ਜ਼ਿਲ੍ਹੇ ਦੇ ਪਿੰਡ ਆਸਪੁਰ ਨੇੜੇ ਸਤਲੁਜ ਦਰਿਆ ਵਿੱਚ ਸਮਾਉਣ ਵਾਲੀ ਸਰਸਾ ਨਦੀ ਵਿੱਚ ਹੜ੍ਹ ਆ ਗਿਆ ਹੈ। ਸਰਸਾ ਨਦੀ ਦੇ ਪਾਣੀ ਦਾ ਵਹਾਅ ਸਿਰਸਾ ਨਦੀ ਅਤੇ ਸਤਲੁਜ ਦਰਿਆ ਦੇ ਬਿਲਕੁਲ ਕੰਢੇ ’ਤੇ ਵਸੇ ਪਿੰਡ ਆਸਪੁਰ ਵੱਲ ਨੂੰ ਹੋ ਗਿਆ ਹੈ। ਹੜ੍ਹ ਦਾ ਪਾਣੀ ਪਿੰਡ ਦੀ ਫਿਰਨੀ ਨਾਲ ਟਕਰਾਉਣ ਤੋਂ ਬਾਅਦ ਖੇਤਾਂ ਵਿੱਚ ਦੀ ਹੁੰਦਾ ਹੋਇਆ ਸ਼ਮਸ਼ਾਨਘਾਟ ਵਾਲੇ ਪਾਸੇ ਨੂੰ ਵਗਣ ਲੱਗ ਪਿਆ ਹੈ। ਪਿੰਡ ਦੇ ਨੇੜੇ 4 ਮਜ਼ਦੂਰ ਹੜ੍ਹ ਦੇ ਪਾਣੀ ਵਿੱਚ ਫਸ ਗਏ ਹਨ, ਜਿਹੜੇ ਕਿ ਇੱਕ ਮੋਟਰ ਦੇ ਕੋਠੇ ’ਤੇ ਚੜ੍ਹ ਕੇ ਬੈਠੇ ਹਨ।
ਉੱਧਰ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ਉਪਰੰਤ ਜਲ ਸਰੋਤ ਵਿਭਾਗ ਰੂਪਨਗਰ ਦੇ ਐਕਸੀਅਨ ਤੁਸ਼ਾਰ ਗੋਇਲ, ਐਸ.ਡੀ.ਓ. ਸੁਰਜੀਤ ਸਿੰਘ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਆਸਪੁਰ ਤੋਂ ਇਲਾਵਾ ਰਣਜੀਤਪੁਰਾ ਤੇ ਦਰਿਆ ਦੇ ਕੰਢੇ ਵਸੇ ਹੋਰ ਪਿੰਡਾਂ ਦਾ ਮੁਆਇਨਾ ਕਰਨ ਵਿੱਚ ਜੁਟ ਗਏ ਹਨ।
ਪਿੰਡ ਆਸਪੁਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਕਸੀਅਨ ਤੁਸ਼ਾਰ ਗੋਇਲ ਨੇ ਦਾਅਵਾ ਕੀਤਾ ਕਿ ਨਦੀ ਵਿੱਚ ਪਾਣੀ ਦਾ ਪੱਧਰ ਘਟਣ ਲੱਗ ਗਿਆ ਹੈ, ਜਿਸ ਕਰਕੇ ਪਿੰਡ ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ 7 ਵਜੇ 19255 ਕਿਊਸਿਕ, 8 ਵਜੇ 61250, 9 ਵਜੇ 63250 ਤੇ 10 ਵਜੇ ਵੀ ਪਾਣੀ ਦਾ ਪੱਧਰ 63250 ਕਿਊਸਿਕ ਸੀ, ਜਿਹੜਾ ਕਿ ਹੁਣ ਘਟ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪਿੰਡ ਵਾਸੀਆਂ ਨੂੰ ਹੜ੍ਹ ਤੋਂ ਬਚਾਉਣ ਲਈ ਬੋਰੀਆਂ ਤੇ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੋਟਰ ਤੇ ਫਸੇ ਵਿਅਕਤੀਆਂ ਨੂੰ ਕੱਢਣ ਲਈ ਲੋੜੀਂਦੇ ਬੰਦੋਬਸਤ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਐਸ.ਡੀ.ਐਮ. ਰੂਪਨਗਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਕਤ ਵਿਅਕਤੀਆਂ ਨੂੰ ਜਲਦੀ ਹੀ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।