ਸੁਖਨਾ ਚੋਅ ਦੀ ਸਫ਼ਾਈ ਲਈ ਢਾਈ ਕਰੋੜ ਰੁਪਏ ਮਨਜ਼ੂਰ
ਹਰਜੀਤ ਸਿੰਘ
ਜ਼ੀਰਕਪੁਰ, 20 ਜੂਨ
ਪ੍ਰਸ਼ਾਸਨ ਵੱਲੋਂ ਬਲਟਾਣਾ ਤੋਂ ਲੰਘਦੇ ਸੁਖਨਾ ਚੋਅ ਦੀ ਸਫ਼ਾਈ ਲਈ ਢਾਈ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਡੀਸੀ ਮੁਹਾਲੀ ਕੋਮਲ ਮਿੱਤਲ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਜਾਣਕਾਰੀ ਅਨੁਸਾਰ ਚੰਡੀਗੜ੍ਹ ਸੁਖਨਾ ਝੀਲ ਦਾ ਵਾਧੂ ਪਾਣੀ ਸੁਖਨਾ ਚੋਅ ਵਿੱਚ ਛੱਡਿਆ ਜਾਂਦਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ, ਪੰਚਕੂਲਾ ਅਤੇ ਬਲਟਾਣਾ ਖੇਤਰ ਦਾ ਬਰਸਾਤੀ ਪਾਣੀ ਦਾ ਵੀ ਇਸੇ ਰਾਹੀਂ ਨਿਕਾਸ ਹੁੰਦਾ ਹੈ। ਇਹ ਪਾਣੀ ਅੱਗੇ ਜਾ ਕੇ ਪਿੰਡ ਭਾਂਖਰਪੁਰ ’ਚ ਘੱਗਰ ਵਿੱਚ ਸੁੱਟਿਆ ਜਾਂਦਾ ਹੈ। ਹਰ ਮੌਨਸੂਨ ਦੌਰਾਨ ਬਲਟਾਣਾ ਖੇਤਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ। ਜਾਣਕਾਰੀ ਅਨੁਸਾਰ ਚੋਅ ਦੇ ਤਲ ਵਿੱਚ 6 ਤੋਂ 7 ਫੁੱਟ ਤੱਕ ਮਿੱਟੀ ਅਤੇ ਹੋਰ ਗੰਦਗੀ ਜਮ੍ਹਾਂ ਹੋ ਗਈ ਹੈ। ਇਸ ਤੋਂ ਇਲਾਵਾ ਇਸ ਦੇ ਬੰਨ੍ਹ ਵੀ ਕਮਜ਼ੋਰ ਪੈ ਗਏ ਹਨ ਜਿਨ੍ਹਾਂ ਨੂੰ ਪੱਕਾ ਕਰਨ ਦੀ ਲੋੜ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਸ ਰਕਮ ਵਿੱਚ ਇਸ ਚੋਅ ਦੀ ਬਰਸਾਤਾਂ ਤੋਂ ਪਹਿਲਾਂ ਸਫ਼ਾਈ ਕੀਤੀ ਜਾਵੇਗੀ। ਇਸ ਨੂੰ ਨਗਰ ਕੌਂਸਲ ਜ਼ੀਰਕਪੁਰ, ਲੋਕ ਨਿਰਮਾਣ ਵਿਭਾਗ, ਡਰੇਨੇਜ਼ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾਵੇਗਾ।