ਗੁਲਾਬ ਮੇਲਾ ਸ਼ਾਮ-ਏ-ਗ਼ਜ਼ਲ ਤੇ ਕਵੀ-ਸੰਮੇਲਨ ਨਾਲ ਸਮਾਪਤ
ਕੁਲਦੀਪ ਸਿੰਘ
ਚੰਡੀਗੜ੍ਹ, 23 ਫਰਵਰੀ
ਚੰਡੀਗੜ੍ਹ ਨਗਰ ਨਿਗਮ ਵੱਲੋਂ ਰੋਜ਼ ਗਾਰਡਨ ਵਿੱਚ ਕਰਵਾਇਆ ਗਿਆ ਤਿੰਨ ਦਿਨਾ ਗੁਲਾਬ ਮੇਲਾ ਸੱਭਿਆਚਾਰਕ ਸਮਾਗਮਾਂ, ਫੁੱਲਾਂ ਦੀਆਂ ਵਿਸ਼ੇਸ਼ ਕਿਸਮਾਂ ਦੇ ਪ੍ਰਦਰਸ਼ਨਾਂ ਅਤੇ ਵੱਖ-ਵੱਖ ਮੁਕਾਬਲਿਆਂ ਨੂੰ ਸਮੇਟਦਾ ਅੱਜ ਤੀਸਰੇ ਦਿਨ ਸ਼ਾਮ-ਏ-ਗ਼ਜ਼ਲ ਅਤੇ ਹਾਸ ਕਵੀ-ਸੰਮੇਲਨ ਨਾਲ ਸਮਾਪਤ ਹੋ ਗਿਆ।
ਅੱਜ ਸਮਾਪਤੀ ਸਮਾਗਮ ਵਿੱਚ ਮੁੱਖ ਸਕੱਤਰ ਯੂਟੀ, ਚੰਡੀਗੜ੍ਹ ਰਾਜੀਵ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਨੇ ਫੈਸਟੀਵਲ ਦੌਰਾਨ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਤੋਂ ਇਲਾਵਾ ਮੇਲੇ ਨੂੰ ਚਾਰ ਚੰਨ ਲਗਾਉਣ ਵਾਲੇ ਮਾਲੀਆਂ ਅਤੇ ਕਾਮਿਆਂ ਨੂੰ ਇਨਾਮ ਵੰਡੇ।
ਇਨਾਮ ਵੰਡ ਸਮਾਗਮ ਦੌਰਾਨ ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ, ਕਮਿਸ਼ਨਰ ਅਮਿਤ ਕੁਮਾਰ, ਆਈ.ਏ.ਐੱਸ., ਏਰੀਆ ਕੌਂਸਲਰ ਸੌਰਭ ਜੋਸ਼ੀ, ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਮੁੱਖ ਇੰਜੀਨੀਅਰ ਸੰਜੇ ਅਰੋੜਾ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਕੌਂਸਲਰ ਵੀ ਮੌਜੂਦ ਸਨ।
ਮੁੱਖ ਸਕੱਤਰ ਨੇ ਨਗਰ ਨਿਗਮ ਦੇ ਖਜ਼ਾਨੇ ’ਤੇ ਕੋਈ ਵੀ ਵਿੱਤੀ ਬੋਝ ਨਾ ਪਾ ਕੇ ‘ਜ਼ੀਰੋ- ਬਜਟ ਤੇ ਜ਼ੀਰੋ ਵੇਸਟ’ ਫਾਰਮੂਲੇ ਨਾਲ ਇਸ ਗੁਲਾਬ ਮੇਲਾ ਸਫਲ ਬਣਾਉਣ ਲਈ ਨਿਗਮ ਦੇ ਅਧਿਕਾਰੀਆਂ ਸਣੇ ਸਮੁੱਚੀ ਟੀਮ ਦੀ ਸ਼ਲਾਘਾ ਵੀ ਕੀਤੀ। ਮੇਲੇ ਦੇ ਅੱਜ ਤੀਜੇ ਦਿਨ ਨਗਰ ਨਿਗਮ ਵੱਲੋਂ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਰੋਜ਼ ਗਾਰਡਨ ਵਿੱਚ ‘ਸ਼ਾਮ-ਏ-ਗ਼ਜ਼ਲ’ ਨਾਮਕ ਇੱਕ ਸੰਗੀਤਕ ਸ਼ਾਮ ਕਰਵਾਈ ਗਈ, ਜਿਸ ਦੌਰਾਨ ਦਰਸ਼ਕ ਗ਼ਜ਼ਲ ਉਸਤਾਦ ਅਤੁਲ ਦੂਬੇ ਅਤੇ ਸੁਨੀਤਾ ਦੁਆ ਸਹਿਗਲ ਵੱਲੋਂ ਪੇਸ਼ ਕੀਤੇ ਗਏ ਪੰਜਾਬੀ ਸੁਰੀਲੇ ਲੋਕ ਗੀਤਾਂ ਨਾਲ ਸਰੋਤੇ ਮੰਤਰਮੁਗਧ ਹੋ ਗਏ।
ਇਬਰਾਤ ਲੇਖਕ ਕਲਾ ਮੰਚ, ਚੰਡੀਗੜ੍ਹ ਵੱਲੋਂ ਕਰਵਾਏ ‘ਹਾਸ ਕਵੀ ਸੰਮੇਲਨ’ ਵਿੱਚ ਕਵਿਤਾ, ਹਾਸ-ਵਿਅੰਗ ਦਾ ਖੁੱਲ੍ਹਾ ਰਾਜ ਰਿਹਾ ਜਿਸ ਦੌਰਾਨ ਸ਼ਹਿਰ ਦੇ ਪ੍ਰਸਿੱਧ ਕਵੀ ਨਵੀਨ ਨੀਰ ਅਤੇ ਸਮੂਹ ਨੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ ਅਤੇ ਤਾੜੀਆਂ ਦੀ ਗੂੰਜ ਵਿਚਕਾਰ ਸਟੇਜ ‘ਤੇ ਬਿਰਾਜਮਾਨ ਹੋਏ। ਦਿਨ ਦੇ ਸਮਾਗਮ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮੌਕੇ ‘ਤੇ ਪੇਂਟਿੰਗ ਮੁਕਾਬਲਾ ਵੀ ਸ਼ਾਮਲ ਸੀ। ਇਸ ਸਮਾਗਮ ਵਿੱਚ ਸਕੱਤਰ ਸਿਹਤ ਯੂ.ਟੀ. ਚੰਡੀਗੜ੍ਹ ਅਜੈ ਚਗਤੀ ਆਈ.ਏ.ਐਸ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪੇਂਟਿੰਗ ਦੇ ਨਤੀਜਿਆਂ ਵਿੱਚੋਂ ਗਰੁੱਪ-ਏ ਵਿੱਚ ਪਹਿਲਾ ਇਨਾਮ ਅਵਲੀਨ ਕੌਰ, ਦੂਜਾ ਤਨਵੀਰ ਸਿੰਘ, ਤੀਜਾ ਇਨਾਮ: ਰਾਧਿਕਾ ਮਿਸ਼ਰਾ ਨੇ ਹਾਸਲ ਕੀਤਾ। ਗਰੁੱਪ-ਬੀ ਵਿੱਚ ਕੁਸ਼ੀ, ਵੰਸ਼ਿਕਾ ਤੇ ਹਰਜਾਪ ਸਿੰਘ, ਗਰੁੱਪ-ਸੀ ਵਿੱਚ ਭਾਵਿਨੀ, ਸੁਖਮਨ ਕੌਰ ਤੇ ਅੰਸ਼, ਗਰੁੱਪ-ਡੀ ਵਿੱਚ ਸਲੋਨੀ ਕਪੂਰ, ਓਜਸਵੀ ਅਗਰਵਾਲ ਤੇ ਅਨਵੀ, ਗਰੁੱਪ-ਈ ਵਿੱਚ ਮਾਨਸੀ, ਵੰਸ਼ ਮਾਨ ਤੇ ਜੀਆ ਚੌਬੇ ਜਦਕਿ ਗਰੁੱਪ-ਐੱਫ ਵਿੱਚ ਸੰਸਕ੍ਰਿਤੀ ਅਗਰਵਾਲ, ਵਿਨੈ ਸ਼ਰਮਾ ਤੇ ਪਾਲ ਪ੍ਰੀਤ ਸਿੰਘ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਇਸ ਮੌਕੇ ‘ਅੰਤਕਾਸ਼ਰੀ’ ਮੁਕਾਬਲਾ ਵੀ ਕਰਵਾਇਆ ਗਿਆ। ਵਿੱਤ ਸਕੱਤਰ ਯੂਟੀ ਚੰਡੀਗੜ੍ਹ ਦੀਪਰਵਾ ਲਾਕਰਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ। ਫਾਈਨਲ ਰਾਊਂਡ ਵਿੱਚ ਚਾਰ ਗਰੁੱਪ ਸਨ ਜਿਨ੍ਹਾਂ ਦੇ ਨਤੀਜਿਆਂ ਵਿੱਚ ਪਹਿਲਾ ਸਥਾਨ ਭੂਮਿਕਾ ਅਤੇ ਸਤਨਾਮ ਸਿੰਘ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਸੈਕਟਰ 20 ਡੀ, ਚੰਡੀਗੜ੍ਹ ਨੇ ਹਾਸਿਲ ਕੀਤਾ। ਜਦਕਿ ਦੂਜਾ ਸਥਾਨ ਨਿਪੁਣ ਸਿੰਘ ਅਤੇ ਸੰਸਕਾਰ ਸ਼ਰਮਾ, ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ, ਸੈਕਟਰ 26 ਚੰਡੀਗੜ੍ਹ ਅਤੇ ਤੀਜਾ ਸਥਾਨ ਪ੍ਰਗਤੀ ਕੌਸ਼ਲ ਅਤੇ ਅਰਾਧਨਾ ਸ਼ਰਮਾ, ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਪੀਜੀਆਈਐਮਈਆਰ, ਚੰਡੀਗੜ੍ਹ ਨੇ ਹਾਸਲ ਕੀਤਾ।
ਗੁਲਾਬੀ ਕੁੜਤੇ-ਚਾਦਰੇ ਵਾਲੇ ਗੁਰਦਾਸ ਮਾਨ ਨੇ ਲੁੱਟਿਆ ‘ਗੁਲਾਬ ਮੇਲਾ’
ਚੰਡੀਗੜ੍ਹ: ਚੰਡੀਗੜ੍ਹ ਟੂਰਿਜ਼ਮ ਵੱਲੋਂ ਸੈਕਟਰ 10 ਦੀ ਲਈਅਰ ਵੈਲੀ ਵਿੱਚ ਕੀਤੇ ਗਏ ਪ੍ਰਬੰਧਾਂ ਵਿੱਚ ਗੁਲਾਬ ਮੇਲੇ ਦੀ ਅੱਜ ਆਖਰੀ ਸ਼ਾਮ ਪੰਜਾਬੀ ਗੀਤਾਂ ਦੇ ਬਾਦਸ਼ਾਹ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ਼ ਦਰਸ਼ਕਾਂ ਨੂੰ ਖੂਬ ਨਚਾਇਆ।
ਮਾਨ ਨੇ ‘ਤੇਰੇ ਇਸ਼ਕ ਦਾ ਗਿੱਧਾ ਪੈਂਦਾ’, ‘ਆ ਜਾ ਵੇ ਤੈਨੂੰ ਅੱਖੀਆਂ ਉਡੀਕਦੀਆਂ’ ਗੀਤਾਂ ਦੀ ਲਾਈ ਛਹਿਬਰ ਉਪਰੰਤ ਤਬਲੇ ਦੀ ਥਾਪ ਨਾਲ ‘ਛੱਲਾ’ ਗਾ ਕੇ ਮੇਲੇ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ। ਮੋਬਾਈਲ ਫੋਨਾਂ ਨਾਲ ਮਾਨ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਰਹੇ ਦਰਸ਼ਕਾਂ ਦੇ ਹੱਥ ਇਉਂ ਖੜ੍ਹੇ ਹੋ ਰਹੇ ਸਨ, ਕਿ ਜਿਵੇਂ ਗੁਰਦਾਸ ਮਾਨ ਉਨ੍ਹਾਂ ਨੂੰ ਵਿਅਕਤੀਗਤ ਤੌਰ ’ਤੇ ਦੇਖ ਰਿਹਾ ਹੋਵੇ। ਮਾਨ ਨੇ ਸਟੇਜ ਤੋਂ ਦਰਸ਼ਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਮੋਬਾਈਲਾਂ ਦੀ ਫਲੈਸ਼ ਲਾਈਟਾਂ ਦੱਸਦੀਆਂ ਨੇ ਕਿ ‘ਛੱਲਾ’ ਲਿਸ਼ਕਾਂ ਮਾਰ ਰਿਹਾ ਹੈ। ਇਸ ਮਗਰੋਂ ਮਾਨ ਨੇ ਲਗਾਤਾਰ ਗੀਤ ਪੇਸ਼ ਕਰਕੇ ਸਰੋਤਿਆਂ ਦਾ ਮਨੋਰੰਜਨ ਕੀਤਾ।