ਪੀਜੀਆਈ ’ਚ ਰੋਬੋਟਿਕ ਤਕਨੀਕ ਨਾਲ ਨਸਬੰਦੀ ਜੋੜਨ ਦਾ ਅਪਰੇਸ਼ਨ
ਪੱਤਰ ਪ੍ਰੇਰਕ
ਚੰਡੀਗੜ੍ਹ, 11 ਜੁਲਾਈ
ਪੀਜੀਆਈ ਚੰਡੀਗੜ੍ਹ ਨੇ ਦੇਸ਼ ਵਿੱਚ ਪਹਿਲੀ ਵਾਰ ਇੱਕ ਖਾਸ ਰੋਬੋਟਿਕ ਤਕਨੀਕ ਨਾਲ ਨਸਬੰਦੀ ਨੂੰ ਮੁੜ ਤੋਂ ਜੋੜਨ (ਵੇਸੋਵਾਸੋਸਟਾਮੀ) ਦੀ ਸਰਜਰੀ ਕਰਕੇ ਮੀਲ ਪੱਥਰ ਸਥਾਪਤ ਕੀਤਾ ਹੈ। ਇਹ ਸਰਜਰੀ 9 ਜੁਲਾਈ ਨੂੰ 43 ਸਾਲਾ ਦੇ ਇੱਕ ਵਿਅਕਤੀ ’ਤੇ ਕੀਤੀ ਗਈ ਜਿਸ ਨੇ ਕੁਝ ਸਾਲ ਪਹਿਲਾਂ ਨਸਬੰਦੀ ਕਰਵਾਈ ਸੀ ਪਰ ਹੁਣ ਦੁਬਾਰਾ ਉਹ ਬੱਚਾ ਪੈਦਾ ਕਰਨਾ ਚਾਹੁੰਦਾ ਸੀ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਨੂੰ ਸਰਜਰੀ ਤੋਂ ਦੂਜੇ ਦਿਨ ਹੀ ਛੁੱਟੀ ਦੇ ਦਿੱਤੀ ਗਈ ਅਤੇ ਉਹ ਬਿਲਕੁਲ ਠੀਕ ਹੈ। ਇਸ ਸਰਜਰੀ ਵਿੱਚ ਡਾਕਟਰਾਂ ਨੇ ਰੋਬੋਟ ਸਿਸਟਮ ਨਾਲ ਨਸਬੰਦੀ ਦੌਰਾਨ ਕੱਟੀਆਂ ਹੋਈਆਂ ਨਸਾਂ ਨੂੰ ਦੁਬਾਰਾ ਜੋੜ ਦਿੱਤਾ। ਇਸ ਤਕਨੀਕ ਨਾਲ ਬਹੁਤ ਹੀ ਬਰੀਕੀ ਨਾਲ ਵਾਲ਼ ਤੋਂ ਵੀ ਪਤਲੀ ਸੂਈ ਅਤੇ ਧਾਗੇ ਨਾਲ ਟਾਂਕੇ ਲਗਾਏ ਜਾਂਦੇ ਹਨ ਜਿਸ ਨਾਲ ਗਲਤ ਦੀ ਸੰਭਾਵਨਾ ਬਹੁਤ ਹੀ ਘਟ ਜਾਂਦੀ ਹੈ।
ਯੂਰੋਲੋਜੀ ਵਿਭਾਗ ਤੋਂ ਸਰਜਰੀ ਕਰਨ ਵਾਲੀ ਡਾਕਟਰਾਂ ਦੀ ਟੀਮ ਵਿੱਚ ਡਾ. ਆਦਿੱਤਯ ਸ਼ਰਮਾ ਐਡੀਸ਼ਨਲ ਪ੍ਰੋਫੈਸਰ, ਡਾ. ਗਿਰਧਰ ਬੋਰਾ ਐਡੀਸ਼ਨਲ ਪ੍ਰੋਫੈਸਰ ਅਤੇ ਪ੍ਰੋ. ਰਵੀ ਮੋਹਨ ਸ਼ਾਮਲ ਸਨ। ਡਾਕਟਰਾਂ ਨੇ ਇਸ ਸਫ਼ਲਤਾ ਦਾ ਸਿਹਰਾ ਯੂਰੋਲੋਜੀ ਵਿਭਾਗ ਦੇ ਚੇਅਰਪਰਸਨ ਪ੍ਰੋ. ਉੱਤਮ ਮੇਟੇ ਅਤੇ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੂੰ ਦਿੱਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਰਜਰੀ ਸਫ਼ਲਤਾਪੂਰਵਕ ਕੀਤੀ ਗਈ।