ਬਸੀ ਪਠਾਣਾਂ ਤੋਂ ਮੋਰਿੰਡਾ ਜਾ ਰਹੇ ਇੱਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਤੋਂ ਬਸੀ ਪਠਾਣਾਂ ਵਿੱਚ ਮੋਟਰਸਾਈਕਲ ਸਵਾਰ ਨਕਦੀ ਖੋਹ ਕੇ ਫ਼ਰਾਰ ਹੋ ਗਏ| ਇਸ ਸਬੰਧੀ ਸੰਦੀਪ ਵਾਸੀ ਰਾਜਸਥਾਨ ਹਾਲ ਵਾਸੀ ਮੋਰਿੰਡਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ, ਜੋ ਬੈਂਕ ਦੇ ਕੈਸ਼ ਕੁਲੈਕਸ਼ਨ ਦੇ ਕੰਮ ਕਰਦੀ ਹੈ| ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਰੋਹਿਤ ਸ਼ਰਮਾ ਕਿਸ਼ਤਾਂ ਇਕੱਠੀਆਂ ਕਰਕੇ ਮੋਟਰਸਾਈਕਲ ’ਤੇ ਬਸੀ ਪਠਾਣਾਂ ਜਾ ਰਹੇ ਸਨ ਕਿ ਜਦੋਂ ਉਹ ਡੀ.ਕੇ. ਹੋਟਲ ਨਜ਼ਦੀਕ ਪਹੁੰਚੇ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਅੱਗੇ ਮੋਟਰਸਾਈਕਲ ਲਾ ਕੇ ਉਨ੍ਹਾਂ ਨੂੰ ਰੋਕ ਲਿਆ ਤੇ ਉਸ ਤੋਂ ਨਕਦੀ ਖੋਹ ਕੇ ਫ਼ਰਾਰ ਹੋ ਗਏ| ਥਾਣਾ ਬਸੀ ਪਠਾਣਾਂ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾ ਕੇ ਬਸੀ ਪਠਾਣਾਂ ਦੀ ਪੁਲੀਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ|