ਚੰਡੀਗੜ੍ਹ ਵਿੱਚ ਸੜਕ ਹਾਦਸਿਆਂ ’ਤੇ ਨੱਥ ਪਾਉਣ ਅਤੇ ਸ਼ਹਿਰ ਵਿੱਚ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਡੀਸੀ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਹੋਈ ਹੈ। ਇਸ ਮੀਟਿੰਗ ਵਿੱਚ ਸ਼ਹਿਰ ਵਿੱਚੋਂ ਸੜਕ ਹਾਦਸਿਆਂ ਦੀ ਗਿਣਤੀ ਘਟਾਉਣ ਲਈ ਵਿਚਾਰ-ਚਰਚਾ ਕੀਤੀ ਗਈ ਅਤੇ ਠੋਸ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਦੌਰਾਨ ਕਮੇਟੀ ਨੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਲੱਗੇ ਟਰੈਫ਼ਿਕ ਦਿਸ਼ਾ ਬੋਰਡਾਂ ਨੂੰ ਸਹੀ ਲਗਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ ’ਤੇ ਵਾਹਨ ਦੀ ਰਫ਼ਤਾਰ ਨੂੰ ਲੈ ਕੇ ਲਾਏ ਬੋਰਡਾਂ ਨੂੰ ਵੀ ਸਹੀ ਕਰਨ ਦਾ ਨਿਰਦੇਸ਼ ਦਿੱਤੇ ਹਨ।ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਪਿੰਡ ਖੁੱਡਾ ਲਾਹੌਰਾ ਤੇ ਪਿੰਡ ਖੁੱਡਾ ਜੱਸੂ ਦੇ ਬਾਹਰ ਮੁੱਖ ਸੜਕ ’ਤੇ ਹੋਏ ਨਾਜਾਇਜ਼ ਕਬਜ਼ਿਆਂ ਕਰਕੇ ਨਿਊ ਚੰਡੀਗੜ੍ਹ ਤੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉੱਥੇ ਹਰ ਸਮੇਂ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ। ਡਿਪਟੀ ਕਮਿਸ਼ਨਰ ਨੇ ਐੱਸਡੀਐੱਮ ਕੇਂਦਰੀ ਨੂੰ ਦੋਵਾਂ ਪਿੰਡਾਂ ਦੇ ਬਾਹਰ ਮੁੱਖ ਸੜਕ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਬੱਸ ਕਿਊ ਸ਼ੈਲਟਰ ਦਿਵਿਆਂਗ ਵਿਅਕਤੀਆਂ ਅਨੁਸਾਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ, ਜਿਸ ਨਾਲ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸੜਕ ਸੁਰੱਖਿਆ ਕਮੇਟੀ ਨੇ ਟਰੈਫ਼ਿਕ ਲਾਈਟ ਪੁਆਇੰਟਾਂ ’ਤੇ ਟਰੈਫ਼ਿਕ ਲਾਈਟਾਂ ਮੂਹਰੇ ਲੱਗੇ ਦਰੱਖਤਾਂ ਨੂੰ ਛਾਂਗਣ ਦੇ ਆਦੇਸ਼ ਦਿੱਤੇ, ਜਿਸ ਨਾਲ ਲੋਕਾਂ ਨੂੰ ਟਰੈਫ਼ਿਕ ਲਾਈਟਾਂ ਦਿੱਖ ਸਕਣ। ਇਸ ਮੌਕੇ ਚੰਡੀਗੜ੍ਹ ਟਰੈਫਿਕ ਪੁਲੀਸ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।