Bus driver dies at Kurali after hit by rod in road rage case ਕੁਰਾਲੀ ਲਾਈਟ ਪੁਆਇੰਟ ’ਤੇ ਅੱਜ ਸ਼ਾਮ ਵੇਲੇ ਸੜਕ ’ਤੇ ਇਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਦੌਰਾਨ ਹੋਏ ਤਕਰਾਰ ਤੋਂ ਬਾਅਦ ਬੋਲੇਰੋ ਚਾਲਕ ਨੇ ਪੰਜਾਬ ਰੋਡਵੇਜ਼ ਦੇ ਡਰਾਈਵਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜੀਪ ਚਾਲਕ ਨੇ ਬੱਸ ਡਰਾਈਵਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਜਿਸ ਕਾਰਨ ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਮੌਤ ਹੋ ਗਈ। ਇਹ ਡਰਾਈਵਰ ਚੰਡੀਗੜ੍ਹ ਤੋਂ ਬੱਸ ਲੈ ਕੇ ਜਲੰਧਰ ਜਾ ਰਿਹਾ ਸੀ ਕਿ ਰਾਹ ਵਿਚ ਤਕਰਾਰ ਹੋ ਗਿਆ। ਡਰਾਈਵਰ ਦੀ ਪਛਾਣ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਜਗਜੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 41 ਸਾਲ ਸੀ। ਚਸ਼ਮਦੀਦਾਂ ਅਨੁਸਾਰ ਰਾਡ ਲੱਗਣ ਤੋਂ ਬਾਅਦ ਜਗਜੀਤ ਹੇਠਾਂ ਡਿੱਗ ਪਿਆ। ਉਸ ਨੂੰ ਕੁਰਾਲੀ ਦੇ ਇੱਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਸਦੀ ਮ੍ਰਿਤਕ ਦੇਹ ਨੂੰ ਫੇਜ਼-6 ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਹਮਲਾ ਕਰਨ ਵਾਲੇ ਦੀ ਕਥਿਤ ਪਛਾਣ ਸੁਖਦੀਪ ਸਿੰਘ ਵਾਸੀ ਪਠਿਆਲਾ ਵਜੋਂ ਹੋਈ ਹੈ। ਇਹ ਜਾਣਕਾਰੀ ਮਿਲੀ ਕਿ ਰਸਤੇ ਵਿੱਚ ਦੋਵਾਂ ਡਰਾਈਵਰਾਂ ਵਿਚਕਾਰ ਬਹਿਸ ਹੋਈ ਸੀ। ਜਦੋਂ ਬੱਸ ਅੱਡੇ ਨੇੜੇ ਬੱਸ ਰੁਕੀ ਤਾਂ ਪਿਕਅੱਪ ਡਰਾਈਵਰ ਪਿੱਛੇ ਤੋਂ ਆਇਆ ਅਤੇ ਉਸ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਮੁਰਦਾਘਰ ਵਿੱਚ ਰੱਖ ਦਿੱਤਾ।
ਪੰਜਾਬ ਰੋਡਵੇਜ਼ ਯੂਨੀਅਨ ਦੇ ਮੈਂਬਰ ਪੁਲੀਸ ਸਟੇਸ਼ਨ ਪਹੁੰਚੇ ਅਤੇ ਪਿਕਅੱਪ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕੁਰਾਲੀ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

