DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਕਾਰਨ ਪਿੰਡਾਂ ਤੋਂ ਏਅਰਪੋਰਟ ਨੂੰ ਜਾਂਦੀ ਸੜਕ ਖੁਰੀ

ਚੌਪਹੀਆ ਵਾਹਨਾਂ ਦੀ ਆਵਜਾਈ ਬੰਦ; ਪਿੰਡਾਂ ਦੇ ਵਸਨੀਕਾਂ ਨੇ ਸਡ਼ਕ ਦੀ ਮੁਰੰਮਤ ਮੰਗੀ
  • fb
  • twitter
  • whatsapp
  • whatsapp
Advertisement

ਮੁਹਾਲੀ ਦੇ ਫੇਜ਼ ਗਿਆਰਾਂ ਤੋਂ ਧਰਮਗੜ੍ਹ ਨੂੰ ਹੋ ਕੇ ਏਅਰਪੋਰਟ ਰੋਡ ’ਤੇ ਚੜ੍ਹਦੀ ਸੜਕ ਵਿਚ ਫੇਜ਼ ਗਿਆਰਾਂ ਅਤੇ ਧਰਮਗੜ੍ਹ ਵਿਚਾਲੇ ਪੈਂਦੇ ਚੰਡੀਗੜ੍ਹ ਚੋਅ ਨੇੜੇ ਮੀਂਹ ਕਾਰਨ ਵੱਡਾ ਖੋਰਾ ਲੱਗ ਗਿਆ ਹੈ। ਮੁਹਾਲੀ ਦੇ ਸਨਅਤੀ ਤੇ ਹੋਰ ਖੇਤਰਾਂ ਵਿਚ ਚੰਡੀਗੜ੍ਹ ਤੋਂ ਆਉਂਦੇ ਚੋਏ ਕਾਰਨ ਸੜਕ ਵਿਚ ਵੱਡਾ ਪਾੜ ਪੈ ਗਿਆ ਹੈ, ਜਿਸ ਕਾਰਨ ਇੱਥੋਂ ਲੰਘਦੇ ਚੌਪਹੀਆ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਇਸ ਕਾਰਨ ਕਈ ਪਿੰਡਾਂ ਦੀ ਆਵਾਜਾਈ ਨੂੰ ਹੁਣ ਮੁਹਾਲੀ ਤੇ ਏਅਰਪੋਰਟ ਰੋਡ ਵੱਲ ਆਉਣ ਜਾਣ ਲਈ ਕੰਬਾਲਾ ਨੂੰ ਘੁੰਮ ਕੇ ਜਾਣਾ ਪੈ ਰਿਹਾ ਹੈ।

Advertisement

ਪਿੰਡ ਧਰਮਗੜ੍ਹ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਸੜਕ ਟੁੱਟਣ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਦਸ ਫੁੱਟ ਚੌੜੀ ਸੜਕ ਦੇ ਅੱਧ ਤੋਂ ਵੱਧ ਹਿੱਸੇ ਵਿਚ ਪਾੜ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਮੁਸ਼ਕਿਲ ਨਾਲ ਤਿੰਨ-ਚਾਰ ਫੁੱਟ ਸੜਕ ਦਾ ਲਾਂਘਾ ਬਾਕੀ ਬਚਿਆ ਹੈ, ਜਿਸ ਉੱਤੋਂ ਸਿਰਫ਼ ਸਾਈਕਲ ਜਾਂ ਮੋਟਰਸਾਈਕਲ ਹੀ ਲੰਘ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਸੜਕ ਦੀ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਸੜਕ ਦਾ ਬਾਕੀ ਹਿੱਸਾ ਵੀ ਪਾਣੀ ਵਿਚ ਵਹਿ ਜਾਵੇਗਾ ਅਤੇ ਇੱਥੋਂ ਦੁਪਹੀਆ ਵਾਹਨਾਂ ਦਾ ਲੰਘਣਾ ਵੀ ਬੰਦ ਹੋ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੜਕ ਦੀ ਹਾਲਤ ਵੀ ਬੇਹੱਦ ਖਸਤਾ ਹੋ ਗਈ ਹੈ ਤੇ ਇਸ ਦੀ ਪਿਛਲੇ ਲੰਮੇ ਸਮੇਂ ਦੌਰਾਨ ਕਦੇ ਮੁਰੰਮਤ ਨਹੀਂ ਹੋਈ। ਉਨ੍ਹਾਂ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਕਿ ਦਰਜਨ ਦੇ ਕਰੀਬ ਪਿੰਡਾਂ ਦੇ ਮੁਹਾਲੀ ਨੂੰ ਏਅਰਪੋਰਟ ਰੋਡ ਨਾਲ ਜੋੜਨ ਵਾਲੀ ਇਸ ਸੜਕ ਦੀ ਹਾਲਤ ਤੁਰੰਤ ਸੁਧਾਰੀ ਜਾਵੇ ਅਤੇ ਚੋਏ ਉੱਤੇ ਸੜਕ ਵਿਚ ਪਏ ਪਾੜ ਨੂੰ ਤੁਰੰਤ ਪੂਰਿਆ ਜਾਵੇ ਤਾਂ ਕਿ ਸੜਕੀ ਆਵਾਜਾਈ ਬਹਾਲ ਹੋ ਸਕੇ।

Advertisement
×