ਮੁੱਖ ਮੰਤਰੀ ਪੰਜਾਬ ਵਲੋਂ ਦਿੱਤੇ ਸੱਦੇ ਤਹਿਤ ਅੱਜ ਉਨ੍ਹਾਂ ਦੀ ਚੰਡੀਗੜ੍ਹ ਵਿਚਲੀ ਕੋਠੀ ਮਿਲਣ ਪਹੁੰਚੇ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਨਾ ਕਰਾਏ ਜਾਣ ਵਿਰੁੱਧ ਸੁਸਾਇਟੀ ਦੇ ਆਗੂਆਂ ਨੇ ਰੋਸ ਪ੍ਰਗਟ ਕੀਤਾ।
ਮੁਹਾਲੀ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਆਗੂਆਂ ਸੁਰਜੀਤ ਸਿੰਘ ਪ੍ਰਧਾਨ, ਦਲਜੀਤ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਕੌਰ, ਕਸ਼ਮੀਰ ਸਿੰਘ, ਇੰਦਰਪਾਲ ਸਿੰਘ ਤੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੇ ਹੱਕ ਵਿਚ ਕੁੱਝ ਫ਼ੈਸਲੇ ਕੀਤੇ ਸਨ। ਜਿਸ ਅਨੁਸਾਰ 1984 ਵਿਚ ਦਿੱਲੀ ਤੋਂ ਉੱਜੜ ਕੇ ਆਏ ਪਰਿਵਾਰਾਂ ਦਾ ਮੁੜ ਵਸੇਬਾ ਕਰਨ ਲਈ, ਦੰਗਾ ਪੀੜਤਾਂ ਨੂੰ ਮਕਾਨ ਤੇ ਬੂਥ ਅਲਾਟ ਕਰਨ ਤੋਂ ਇਲਾਵਾ ਲੁਧਿਆਣਾ ਵਿਚ ਦੰਗਾ ਪੀੜਤਾਂ ਨੂੰ ਅਲਾਟ ਮਕਾਨਾਂ ਤੇ ਭੂ ਮਾਫ਼ੀਆਂ ਵਲੋਂ ਕੀਤੇ ਕਬਜ਼ੇ ਨੂੰ ਛਡਾਉਣਾ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਮੰਗਾਂ ’ਤੇ ਵਿਚਾਰ ਕਰਨ ਲਈ ਅੱਜ 6ਵੀਂ ਵਾਰ ਮੀਟਿੰਗ ਲਈ ਸੱਦਾ ਪੱਤਰ ਦਿੱਤਾ ਗਿਆ ਸੀ ਪਰ ਉਹ ਬਿਨਾਂ ਮਿਲੇ ਨਿਕਲ ਗਏ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਦੋ-ਤਿੰਨ ਦਿਨਾਂ ਦੇ ਅੰਦਰ ਉਨ੍ਹਾਂ ਨਾਲ ਮੀਟਿੰਗ ਨਾ ਕੀਤੀ ਤਾਂ ਉਹ ਪੰਜਾਬ ਭਰ ਦੇ ਦੰਗਾ ਪੀੜਤਾਂ ਦੀ ਮੀਟਿੰਗ ਬੁਲਾ ਕੇ 1984 ਦੀਆਂ ਪੰਜ ਵਿਧਵਾ ਬੀਬੀਆਂ ਦਾ ਜਥਾ ਮੁੱਖ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਕਰਨ ਲਈ ਭੇਜਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।