ਸੇਵਾਮੁਕਤ ਅਧਿਕਾਰੀ ਗੁਰਦੇਵ ਸਿੰਘ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਮੁੜ ਪ੍ਰਧਾਨ ਨਿਯੁਕਤ
ਜਸਮੇਰ ਸਿੰਘ ਬਾਲਾ ਸਕੱਤਰ, ਬਰਿੰਦਰਾ ਕੌਰ ਉਪ ਪ੍ਰਧਾਨ ਤੇ ਐਡਵੋਕੇਟ ਕਰਨਦੀਪ ਸਿੰਘ ਚੀਮਾ ਸੰਯੁਕਤ ਸਕੱਤਰ ਬਣੇ
ਸੇਵਾ ਮੁਕਤ ਆਈ.ਏ.ਐੱਸ. ਅਧਿਕਾਰੀ ਗੁਰਦੇਵ ਸਿੰਘ ਨੂੰ ਅੱਜ ਚੰਡੀਗੜ੍ਹ ਦੀ ਸਿੱਖ ਐਜੂਕੇਸ਼ਨਲ ਸੁਸਾਇਟੀ ਦਾ ਅਗਲੇ ਪੰਜ ਸਾਲਾਂ ਲਈ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ ਹੈ। ਉਹ 2004 ਤੋਂ ਲਗਾਤਾਰ ਇਸ ਸੁਸਾਇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਆ ਰਹੇ ਹਨ। ਇਹ ਸੰਸਥਾ ਚੰਡੀਗੜ੍ਹ ਤੇ ਪੰਜਾਬ ਵਿਚ ਅੱਠ ਵਿਦਿਅਕ ਸੰਸਥਾਵਾਂ ਰਾਹੀਂ ਸਿੱਖਿਆ ਦੇ ਨਾਲ ਨਾਲ ਧਾਰਮਿਕ, ਸਭਿਆਚਾਰਕ, ਸਾਹਿਤਕ ਅਤੇ ਖੇਡਾਂ ਦੇ ਖੇਤਰ ਵਿਚ ਯੋਗਦਾਨ ਪਾ ਰਹੀ ਹੈ। ਗੁਰਦੇਵ ਸਿੰਘ ਨੇ ਜਨਰਲ ਹਾਊਸ ਵਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੇਵਾਮੁਕਤ ਕਰਨਲ ਜਸਮੇਰ ਸਿੰਘ ਬਾਲਾ ਨੂੰ ਸੁਸਾਇਟੀ ਦਾ ਮੁੜ ਸਕੱਤਰ ਨਾਮਜ਼ਦ ਕੀਤਾ ਜਿਹੜੇ ਪਿਛਲੇ ਤਿੰਨ ਦਹਾਕਿਆਂ ਤੋਂ ਇਸ ਸੁਸਾਇਟੀ ਦੇ ਵੱਖ ਵੱਖ ਅਹੁਦਿਆਂ ਉਤੇ ਸੇਵਾ ਨਿਭਾਉਂਦੇ ਆ ਰਹੇ ਹਨ। ਡਾ ਬਰਿੰਦਰਾ ਕੌਰ ਨੂੰ ਉਪ ਪ੍ਰਧਾਨ ਅਤੇ ਐਡਵੋਕੇਟ ਕਰਨਦੀਪ ਸਿੰਘ ਚੀਮਾ ਨੂੰ ਮੁੜ ਤੋਂ ਸੰਯੁਕਤ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੈਂਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ, ਅਰਥਸ਼ਾਸਤਰੀ ਡਾ. ਐਸ.ਐਸ. ਜੌਹਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਕਰਨਲ (ਸੇਵਾਮੁਕਤ) ਐਸ.ਐਸ. ਮਾਨ, ਡਾ. ਜੀ.ਐਸ. ਢਿੱਲੋਂ, ਡਾ. ਉਜਾਗਰ ਸਿੰਘ ਧਾਲੀਵਾਲ ਅਤੇ ਡਾ. ਜਸਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਐਜੂਕੇਸ਼ਨਲ ਸੁਸਾਇਟੀ ਦੇ ਵਿਦਿਅਕ ਅਦਾਰੇ ਨਵੀਆਂ ਉਚਾਈਆਂ ਪ੍ਰਾਪਤ ਕਰ ਰਹੇ ਹਨ।