ਵਿਰੋਧ ਦੇ ਬਾਵਜੂਦ ਦਾਊਂ ਦੀ ਜ਼ਮੀਨ ਕੌਂਸਲ ’ਚ ਸ਼ਾਮਲ ਕਰਨ ਦਾ ਮਤਾ ਪਾਸ
ਸਥਾਨਕ ਨਗਰ ਕੌਂਸਲ ਦੀ ਮੀਟਿੰਗ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਪਿੰਡ ਦਾਊਂ ਦੀ ਕੁਝ ਜ਼ਮੀਨ ਨੂੰ ਖਰੜ ਨਗਰ ਕੌਂਸਲ ਦੀ ਹੱਦ ਵਿਚ ਸ਼ਾਮਲ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ। ਭਾਵੇਂ ਇਸ ਸਬੰਧੀ ਕੌਂਸਲ ਦੇ 4 ਮੈਂਬਰਾਂ ਅਤੇ ਪਿੰਡ ਦਾਊਂ ਦੇ ਵਸਨੀਕਾਂ ਵਲੋਂ ਸਤਨਾਮ ਸਿੰਘ ਦਾਊਂ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ ਗਈ ਅਤੇ ਕੌਂਸਲ ਦੇ ਇਸ ਕਦਮ ਦੀ ਵਿਰੋਧਤਾ ਕੀਤੀ ਗਈ। ਜ਼ਿਕਰਯੋਗ ਹੈ ਕਿ ਅੱਜ ਜਦੋਂ ਸਵੇਰੇ 11 ਵਜੇ ਮੀਟਿੰਗ ਸ਼ੁਰੂ ਹੋਣੀ ਸੀ ਤਾਂ ਉਸ ਤੋਂ ਪਹਿਲਾਂ ਹੀ ਪਿੰਡ ਦਾਊਂ ਦੇ ਵਸਨੀਕ ਉਥੇ ਆ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹਾ ਇੱਕ ਬਿਲਡਰ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਦਾਊਂ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਪਿੰਡ ਵਿਧਾਨਸਭਾ ਹਲਕਾ ਮੁਹਾਲੀ ਵਿਚ ਆਉਂਦਾ ਹੈ ਅਤੇ ਇਹ ਪਿੰਡ ਖਰੜ ਕੌਂਸਲ ਦਾ ਹਿੱਸਾ ਨਹੀਂ ਹੈ ਪਰ ਇਸ ਦਾ ਕੁਝ ਹਿੱਸਾ ਕੁਝ ਸਿਆਸੀ ਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਖਰੜ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਉਹ ਕੌਂਸਲ ਦੇ ਇਸ ਮਤੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਨਗੇ। ਦਾਊ ਦੀ ਸਰਪੰਚ ਸੁਖਜੀਤ ਕੌਰ ਨੇ ਆਖਿਆ ਹੈ ਕਿ ਨਗਰ ਕੌਂਸਲ ਖਰੜ ਵਿੱਚ ਸ਼ਾਮਿਲ ਕੀਤੀ ਜਾਣ ਵਾਲੀ ਪਿੰਡ ਦਾਊਂ ਦੇ ਰਕਬੇ ਵਾਲੀ ਜ਼ਮੀਨ ਦਾ ਪੰਚਾਇਤ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਜਮੀਨ ਇੱਕ ਪ੍ਰਾਈਵੇਟ ਵਿਅਕਤੀ ਦੀ ਹੈ, ਜਿਸ ਵੱਲੋਂ ਇਹ ਜ਼ਮੀਨ ਇੱਕ ਬਿਲਡਰ ਨੂੰ ਵੇਚੀ ਗਈ ਹੈ।