ਇੱਥੋਂ ਨੇੜਲੇ ਪਿੰਡ ਮਨੌਲੀ ਸੂਰਤ ਦੀ ਗ੍ਰਾਮ ਪੰਚਾਇਤ ਵੱਲੋਂ ਗ੍ਰਾਮ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਪਿੰਡ ਦੇ ਲੜਕਾ ਅਤੇ ਲੜਕੀ ਵੱਲੋਂ ਪਿੰਡ ਵਿੱਚ ਹੀ ਵਿਆਹ ਕਰਵਾਉਣ ਦੀ ਸੂਰਤ ਵਿਚ ਪਿੰਡ ਵਾਸੀਆਂ ਵੱਲੋਂ ਸਮੂਹਿਕ ਤੌਰ ’ਤੇ ਦੋਹਾਂ ਧਿਰਾਂ ਦਾ ਬਾਈਕਾਟ ਕਰਨ ਅਤੇ ਉਨਾਂ ਨੂੰ ਪਿੰਡ ਵਿੱਚ ਨਾ ਰਹਿਣ ਦੇਣ ਦਾ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ।
ਪਿੰਡ ਦੇ ਸਰਪੰਚ ਸਲਿੰਦਰ ਸਿੰਘ, ਬਲਜੀਤ ਕੌਰ, ਜਸਪਾਲ ਕੌਰ, ਪੰਚਾਇਤ ਮੈਂਬਰ ਤਰਸੇਮ ਸਿੰਘ, ਠੇਕੇਦਾਰ ਜਸਵਿੰਦਰ ਸਿੰਘ, ਡਾਕਟਰ ਭੁਪਿੰਦਰ ਸਿੰਘ, ਸਾਬਕਾ ਸਰਪੰਚ ਗੱਜਨ ਸਿੰਘ ਨੇ ਦੱਸਿਆ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਪਿੰਡ ਦਾ ਕੋਈ ਵੀ ਵਿਅਕਤੀ, ਨੰਬਰਦਾਰ, ਸਰਪੰਚ, ਪੰਚਾਇਤ ਮੈਂਬਰ ਉਸ ਦੀ ਜ਼ਮਾਨਤ ਜਾਂ ਗਵਾਹੀ ਨਹੀਂ ਦੇਣ ਜਾਵੇਗਾ ਜੇਕਰ ਕੋਈ ਵਿਅਕਤੀ ਮਤੇ ਦੀ ਉਲੰਘਣਾ ਕਰਦਾ ਹੈ ਤਾਂ ਸਮੇਂ ਅਨੁਸਾਰ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ। ਇਸੇ ਤਰ੍ਹਾਂ ਜੇਕਰ ਪਿੰਡ ਦਾ ਕੋਈ ਵੀ ਵਸਨੀਕ ਘਰ ਵਿੱਚ ਪਰਵਾਸੀ ਨੂੰ ਕਿਰਾਏ ’ਤੇ ਰੱਖਦਾ ਹੈ ਤਾਂ ਪੁਲੀਸ ਦੀ ਵੈਰੀਫਿਕੇਸ਼ਨ ਕਰਵਾਉਣ ’ਤੇ ਇੱਕ ਕਾਪੀ ਪੰਚਾਇਤ ਨੂੰ ਦੇਵੇਗਾ ਜੇਕਰ ਮਾਲਕ ਪੁਲੀਸ ਵੈਰੀਫਿਕੇਸ਼ਨ ਨਹੀਂ ਕਰਵਾਉਂਦਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਆਪਣੇ ਨਾਬਾਲਗ ਬੱਚੇ ਨੂੰ ਬੀੜੀ, ਸਿਗਰਟ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥ ਖਰੀਦਣ ਲਈ ਦੁਕਾਨ ’ਤੇ ਭੇਜਦਾ ਹੈ ਅਤੇ ਦੁਕਾਨਦਾਰ ਵੀ ਨਸ਼ੀਲੇ ਪਦਾਰਥ ਬੱਚਿਆਂ ਨੂੰ ਦੇਵੇਗਾ ਤਾਂ ਅਜਿਹਾ ਕਰਨ ਵਾਲੇ ਵਿਅਕਤੀ ਜਾਂ ਦੁਕਾਨਦਾਰ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਪਿੰਡ ਵਿੱਚ ਵਧਾਈ ਲੈਣ ਵਾਲੇ ਹਿਜੜਿਆਂ ਨੂੰ ਆਪਸੀ ਸਹਿਮਤੀ ਨਾਲ ਵਿਆਹ ਦੀ 2100 ਰੁਪਏ, ਮੁੰਡੇ ਦੇ ਜਨਮ ਤੇ 1100 ਰੁਪਏ ਵਧਾਈ ਦਿੱਤੀ ਜਾਵੇਗੀ।