DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਹਾਲੀ ਨਗਰ ਨਿਗਮ ਦੀ ਮੀਟਿੰਗ ’ਚ ਅੰਦਰੂਨੀ ਸੜਕਾਂ ਦੀ ਮਸ਼ੀਨੀ ਸਫ਼ਾਈ ਦਾ ਮਤਾ ਰੱਦ

ਸ਼ਹਿਰ ਦੀ ਸਫ਼ਾਈ, ਕੂਡ਼ਾ ਡੰਪਾਂ, ਨਾਜਾਇਜ਼ ਰੇਹਡ਼ੀਆਂ, ਅਵਾਰਾ ਪਸ਼ੂਆਂ ਤੇ ਠੇਕੇਦਾਰਾਂ ਦੀ ਕਾਰਜ ਪ੍ਰਣਾਲੀ ਦੇ ਮਾਮਲੇ ਗੂੰਜੇ; ਕਮਿਸ਼ਨਰ ਵੱਲੋਂ ਸ਼ਹਿਰ ਦੇ ਮਾਮਲਿਆਂ ਲਈ ਸਾਰਿਆਂ ਨੂੰ ਸੰਜੀਦਾ ਪਹੁੰਚ ਅਪਣਾਉਣ ਦੀ ਅਪੀਲ
  • fb
  • twitter
  • whatsapp
  • whatsapp
featured-img featured-img
ਮੁਹਾਲੀ ਨਗਰ ਨਿਗਮ ਦੀ ਮੀਟਿੰਗ ’ਚ ਮੁੱਦੇ ਚੁੱਕਦੇ ਹੋਏ ਕੌਂਸਲਰ। -ਫੋਟੋ: ਵਿੱਕੀ ਘਾਰੂ
Advertisement
ਮੁਹਾਲੀ ਨਗਰ ਨਿਗਮ ਦੀ ਹਾਊਸ ਮੀਟਿੰਗ ਅੱਜ ਸੈਕਟਰ 68 ਦੇ ਮਿਉਂਸਿਪਲ ਭਵਨ ਵਿੱਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਿਉਂਸਿਪਲ ਕਮਿਸ਼ਨਰ ਪਰਮਿੰਦਰਪਾਲ ਸਿੰਘ ਤੋਂ ਇਲਾਵਾ ਨਿਗਮ ਦੇ ਉੱਚ ਅਧਿਕਾਰੀ ਅਤੇ ਕੌਂਸਲਰ ਹਾਜ਼ਰ ਸਨ।ਮੀਟਿੰਗ ਆਰੰਭ ਹੁੰਦਿਆਂ ਹੀ ਕੌਂਸਲਰ ਨਰਪਿੰਦਰ ਸਿੰਘ ਰੰਗੀ, ਹਰਜੀਤ ਸਿੰਘ ਭੋਲੂ, ਕੁਲਵੰਤ ਸਿੰਘ ਕਲੇਰ ਅਤੇ ਜਸਵੀਰ ਸਿੰਘ ਮਣਕੂ ਹੱਥਾਂ ਵਿੱਚ ਹੋਰਡਿੰਗ ਲੈ ਕੇ ਖੜ੍ਹੇ ਹੋ ਗਏ। ਉਨ੍ਹਾਂ ਮੁਹਾਲੀ ਦੇ ਫੇਜ਼ 11 ਦੇ ਆਰਐੱਮਸੀ ਪਲਾਂਟ ਅਤੇ ਸੋਹਾਣਾ ਦੇ ਗੁਰਦੁਆਰਾ ਸਾਹਿਬ ਨੇੜੇ ਲੱਗੇ ਕੂੜੇ ਦੇ ਢੇਰ ਨੂੰ ਚੁਕਾਉਣ ਦੀ ਮੰਗ ਕੀਤੀ। ਕਮਿਸ਼ਨਰ ਨੇ ਕੂੜਾ ਡੰਪਾਂ ਦੇ ਮਾਮਲੇ ਵਿੱਚ ਸਾਰਿਆਂ ਨੂੰ ਸੰਜੀਦਾ ਪਹੁੰਚ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਸੋਹਾਣਾ ਗੁਰਦੁਆਰੇ ਨੇੜੇ ਲੱਗੇ ਕੂੜੇ ਦੇ ਢੇਰ ਨੂੰ ਐਤਵਾਰ ਤੱਕ ਚੁਕਾਉਣ ਅਤੇ ਸੋਹਾਣਾ ਨੂੰ ਮੁੜਦੀ ਅੰਦਰੂਨੀ ਸੜਕ ਠੀਕ ਕਰਾਉਣ ਦਾ ਵੀ ਭਰੋਸਾ ਦਿਵਾਇਆ।

ਇਸੇ ਤਰ੍ਹਾਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ (‘ਸੀ’-ਰੋਡਾਂ) ਦੀ ਮਕੈਨੀਕਲ ਸਵੀਪਿੰਗ ਮਸ਼ੀਨਾਂ ਰਾਹੀਂ ਸਫ਼ਾਈ ਦਾ ਬਹੁ-ਗਿਣਤੀ ਕੌਂਸਲਰਾਂ ਵੱਲੋਂ ਵਿਰੋਧ ਕੀਤੇ ਜਾਣ ’ਤੇ ਇਹ ਮਤਾ ਰੱਦ ਕਰ ਦਿੱਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਪਟਵਾਰੀ, ਮਨਜੀਤ ਸਿੰਘ ਸੇਠੀ ਤੇ ਸਰਬਜੀਤ ਸਿੰਘ ਨੇ ਕਿਹਾ ਕਿ ਜੇਕਰ ਹਫ਼ਤੇ ਵਿੱਚ ਇੱਕ ਦਿਨ ਮਸ਼ੀਨੀ ਸਫ਼ਾਈ ਤੇ ਬਾਕੀ ਦਿਨ ਹੱਥਾਂ ਨਾਲ ਸਫ਼ਾਈ ਹੁੰਦੀ ਹੈ ਤਾਂ ਉਹ ਇਸ ਮਤੇ ਦਾ ਸਮਰਥਨ ਕਰਦੇ ਹਨ ਪਰ ਹੱਥ ਖੜ੍ਹੇ ਕਰਾਉਣ ਉਪਰੰਤ ਮਤਾ ਰੱਦ ਕਰ ਦਿੱਤਾ ਗਿਆ। ਮੀਟਿੰਗ ਵਿੱਚ ‘ਬੀ’ ਸੜਕਾਂ ਦੀ ਸਫ਼ਾਈ ਵਾਲੇ ਠੇਕੇਦਾਰ ਅਤੇ ਸ਼ਹਿਰ ਦੇ ਵਿਕਾਸ ਕੰਮਾਂ ਵਾਲੇ ਠੇਕੇਦਾਰਾਂ ਵੱਲੋਂ ਕੰਮ ਠੀਕ ਅਤੇ ਨਿਰਧਾਰਿਤ ਸਮੇਂ ਵਿਚ ਨਾ ਕਰਨ, ਪਾਰਕਾਂ ਦੀ ਸਫ਼ਾਈ ਅਤੇ ਦੇਖ-ਭਾਲ, ਮੁਹਾਲੀ ਪਿੰਡ ਵਿੱਚ ਖੁੱਲ੍ਹੀਆਂ ਅਣ-ਅਧਿਕਾਰਤ ਮੀਟ ਦੀਆਂ ਦੁਕਾਨਾਂ, ਮਟੌਰ ਪਿੰਡ ਵਿੱਚ ਸਫ਼ਾਈ ਅਤੇ ਕਬਜ਼ਿਆਂ ਦੇ ਮਾਮਲਿਆਂ ਤੋਂ ਇਲਾਵਾ ਸੁਸਾਇਟੀਆਂ ਦੇ ਕੰਮ ਬੰਦ ਹੋਣ ਅਤੇ ਵਾਰਡਾਂ ਦੇ ਅਧੂਰੇ ਕੰਮਾਂ ਦੇ ਮਾਮਲੇ ਵੀ ਗੂੰਜੇ। ਕਮਿਸ਼ਨਰ ਵੱਲੋਂ ਸਾਰੇ ਮਾਮਲਿਆਂ ਵਿੱਚ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ।

Advertisement

ਕੌਂਸਲਰ ਮਨਜੀਤ ਸੇਠੀ ਅਤੇ ਡਿਪਟੀ ਮੇਅਰ ਕੁਲਜੀਤ ਬੇਦੀ ਹੋਏ ਮਿਹਣੋ-ਮਿਹਣੀ

ਮੀਟਿੰਗ ਵਿੱਚ ਜਿਉਂ ਹੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਕੁੱਝ ਸੁਝਾਅ ਦੇਣ ਲੱਗੇ ਤਾਂ ਮਨਜੀਤ ਸਿੰਘ ਸੇਠੀ ਨੇ ਸਵਾਲਾਂ ਦੀ ਝੜੀ ਲਾ ਦਿੱਤੀ। ਕਈਂ ਹੋਰ ਕੌਂਸਲਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਉਹ ਡਿਪਟੀ ਮੇਅਰ ਹਨ, ਉਹ ਨਿਗਮ ਦੇ ਕੰਮਾਂ ’ਤੇ ਕਿਵੇਂ ਉਂਗਲ ਚੁੱਕ ਸਕਦੇ ਹਨ, ਪਹਿਲਾਂ ਉਹ ਅਸਤੀਫ਼ਾ ਦੇਣ, ਫੇਰ ਗੱਲ ਕਰਨ। ਇਸ ’ਤੇ ਡਿਪਟੀ ਮੇਅਰ ਨੇ ਕਿਹਾ ਕਿ ਉਹ ਸ਼ਹਿਰ ਦੇ ਨਾਲ ਹਨ ਤੇ ਜੇਕਰ ਲੋੜ ਪਈ ਤਾਂ ਅਸਤੀਫ਼ਾ ਵੀ ਦੇ ਦੇਣਗੇ। ਕਮਿਸ਼ਨਰ ਨੇ ਨਾਜ਼ਾਇਜ਼ ਰੇਹੜੀਆਂ, ਅਵਾਰਾ ਪਸ਼ੂਆਂ, ਪ੍ਰਾਪਰਟੀ ਟੈਕਸ ਦੀ ਅਦਾਇਗੀ ਵਾਲੇ ਮਾਮਲਿਆਂ ਵਿੱਚ ਅਗਲੇ ਦਿਨਾਂ ਵਿੱਚ ਸਖ਼ਤੀ ਵਰਤਣ ਦੀ ਗੱਲ ਕਰਦਿਆਂ ਸਾਰਿਆਂ ਤੋਂ ਸਮਰਥਨ ਮੰਗਿਆ। ਉਨ੍ਹਾਂ ਅਵਾਰਾ ਕੁੱਤਿਆਂ ਤੇ ਮੀਟਿੰਗ ਵਿੱਚ ਉਭਾਰੇ ਗਏ ਹੋਰ ਮਾਮਲੇ ਵੀ ਵਿਚਾਰਨ ਦਾ ਭਰੋਸਾ ਦਿੱਤਾ।

ਜਸਵਿੰਦਰ ਭੱਲਾ ਦੀ ਮੌਤ ’ਤੇ ਮੌਨ

ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਦੀ ਅੱਜ ਹੋਈ ਮੌਤ ਉੱਤੇ ਹਾਊਸ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਹਾਊਸ ਨੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Advertisement
×