ਟੀ ਡੀ ਆਈ ਸੈਕਟਰਾਂ ਦੇ ਵਾਸੀਆਂ ਵੱਲੋਂ ਵਿਧਾਇਕ ਨਾਲ ਮੀਟਿੰਗ
ਟੀ ਡੀ ਆਈ ਸਿਟੀ ਅਤੇ ਸਨੀ ਬਸੰਤ ਇਨਕਲੇਵ ਦੇ ਵੱਖ-ਵੱਖ ਸੈਕਟਰਾਂ ਦੀ ਨੁਮਾਇੰਦਗੀ ਕਰਦੀਆਂ 21 ਸੰਸਥਾਵਾਂ ਦੇ ਆਗੂਆਂ ਦੀ ਸਾਂਝੀ ਅਗਵਾਈ ਹੇਠ ਦੋ ਸੌ ਤੋਂ ਵੱਧ ਵਿਅਕਤੀਆਂ ਨੇ ਵਿਧਾਇਕ ਕੁਲਵੰਤ ਸਿੰਘ ਨਾਲ ਉਨ੍ਹਾਂ ਦੇ ਸੈਕਟਰ 79 ਦੇ ਦਫ਼ਤਰ ਵਿੱਚ ਮੀਟਿੰਗ...
ਟੀ ਡੀ ਆਈ ਸਿਟੀ ਅਤੇ ਸਨੀ ਬਸੰਤ ਇਨਕਲੇਵ ਦੇ ਵੱਖ-ਵੱਖ ਸੈਕਟਰਾਂ ਦੀ ਨੁਮਾਇੰਦਗੀ ਕਰਦੀਆਂ 21 ਸੰਸਥਾਵਾਂ ਦੇ ਆਗੂਆਂ ਦੀ ਸਾਂਝੀ ਅਗਵਾਈ ਹੇਠ ਦੋ ਸੌ ਤੋਂ ਵੱਧ ਵਿਅਕਤੀਆਂ ਨੇ ਵਿਧਾਇਕ ਕੁਲਵੰਤ ਸਿੰਘ ਨਾਲ ਉਨ੍ਹਾਂ ਦੇ ਸੈਕਟਰ 79 ਦੇ ਦਫ਼ਤਰ ਵਿੱਚ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵਿਧਾਇਕ ਨੂੰ ਮੰਗ ਪੱਤਰ ਵੀ ਸੌਂਪਿਆ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਬੰਧਤ ਖੇਤਰ ਨੂੰ ਨਗਰ ਨਿਗਮ ਵਿਚ ਸ਼ਾਮਲ ਕਰਨ ਨਾਲ ਟੈਕਸਾਂ ਦਾ ਦੂਹਰਾ ਬੋਝ ਝੱਲਣਾ ਪੈ ਸਕਦਾ ਹੈ। ਪ੍ਰਾਪਰਟੀ ਟੈਕਸ ਅਤੇ ਮੈਂਟੀਨੈਂਸ ਚਾਰਜ ਵੀ ਲਾਗੂ ਰਹਿਣਗੇ। ਇਸ ਦੇ ਜਵਾਬ ਵਿਚ ਮੀਟਿੰਗ ਵਿਚ ਸ਼ਾਮਲ ਲੋਕਾਂ ਨੇ ਇੱਕ ਸੁਰ ਵਿਚ ਆਖਿਆ ਕਿ ਉਹ ਹਰ ਤਰ੍ਹਾਂ ਦੇ ਟੈਕਸ ਝੱਲਣ ਨੂੰ ਤਿਆਰ ਹਨ। ਉਹ ਦੂਹਰੇ ਟੈਕਸ ਵੀ ਅਦਾ ਕਰ ਦੇਣਗੇ ਪਰ ਉਨ੍ਹਾਂ ਨੂੰ ਨਿਗਮ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ 2021 ਵਿਚ ਪਾਏ ਮਤੇ ਵਿਚ ਉਨ੍ਹਾਂ ਦਾ ਸਾਰਾ ਖੇਤਰ ਸ਼ਾਮਲ ਸੀ, ਇਸ ਨੂੰ ਹੁਣ ਕਦਾਚਿਤ ਵੀ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ।
ਵਿਧਾਇਕ ਨੇ ਇਕੱਠ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਸਬੰਧੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਤੇ ਅਧਿਕਾਰੀਆਂ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਸਬੰਧਤ ਖੇਤਰ ਨੂੰ ਨਿਗਮ ਦੀ ਹਦੂਦ ਵਿਚ ਸ਼ਾਮਲ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ 27 ਅਕਤੂਬਰ ਨੂੰ ਨਿਗਮ ਕਮਿਸ਼ਨਰ ਕੋਲ ਵੀ ਆਪਣਾ ਇਤਰਾਜ਼ ਦਰਜ ਕਰਾਉਣਗੇ। ਉਨ੍ਹਾਂ ਕਿਹਾ ਕਿ 28 ਅਕਤੂਬਰ ਤੱਕ ਸਰਕਾਰ ਦੇ ਹੁੰਗਾਰੇ ਦੀ ਉਡੀਕ ਕੀਤੀ ਜਾਵੇਗੀ। ਜੇ ਤਸੱਲੀਬਖ਼ਸ ਜਵਾਬ ਨਾ ਮਿਲਿਆ ਤਾਂ ਉਹ 29 ਅਕਤੂਬਰ ਤੋਂ ਵਿਧਾਇਕ ਦੇ ਦਫ਼ਤਰ ਦੇ ਸਾਹਮਣੇ ਸਾਂਤਮਈ ਧਰਨਾ ਸ਼ੁਰੂ ਕਰ ਦੇਣਗੇ।

