ਪੱਤਰ ਪ੍ਰੇਰਕਐੱਸਏਐੱਸ ਨਗਰ (ਮੁਹਾਲੀ), 24 ਮਈਇੱਥੋਂ ਦੇ ਸੈਕਟਰ-76 ਤੋਂ 80 ਦੇ ਵਸਨੀਕਾਂ ਦਾ ਗਮਾਡਾ ਵਿਰੁੱਧ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਇਨ੍ਹਾਂ ਸੈਕਟਰਾਂ ਦੀ ਇਨਹਾਸਮੈਂਟ ਸੰਘਰਸ਼ ਕਮੇਟੀ ਦੇ ਕਨਵੀਨਰ ਕਰਮ ਸਿੰਘ ਧਨੋਆ, ਕੌਂਸਲਰ ਹਰਜੀਤ ਸਿੰਘ ਭੋਲੂ, ਕਾਮਰੇਡ ਮੇਜਰ ਸਿੰਘ ਅਤੇ ਨਵਜੋਤ ਸਿੰਘ ਬਾਛਲ ਨੇ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ।ਅੱਜ ਗੋਲਡਨ ਬੈੱਲ ਸਕੂਲ ਸੈਕਟਰ-77 ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਐਲਾਨ ਕੀਤਾ ਕਿ ਗਮਾਡਾ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ 28 ਮਈ ਨੂੰ ਕਾਲੇ ਝੰਡੇ ਲੈ ਕੇ ‘ਇਨਸਾਫ਼ ਮਾਰਚ’ ਕੀਤਾ ਜਾਵੇਗਾ ਜੋ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸ਼ੁਰੂ ਹੋਵੇਗਾ ਅਤੇ ਟਰੈਫ਼ਿਕ ਲਾਈਟ ਚੌਕ ਫੇਜ਼-7 ਤੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਅੱਗਿਓਂ ਲੰਘ ਕੇ ਗਮਾਡਾ ਦੇ ਮੁੱਖ ਗੇਟ ਦੇ ਬਾਹਰ ਪਹੁੰਚ ਕੇ ਸਮਾਪਤ ਹੋਵੇਗਾ। ਜਿੱਥੇ ਪੰਜਾਬ ਸਰਕਾਰ ਤੇ ਗਮਾਡਾ/ਪੁੱਡਾ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾਵੇਗਾ।ਹਰਦਿਆਲ ਚੰਦ ਬਡਬਰ, ਅਵਤਾਰ ਸਿੰਘ, ਜਰਨੈਲ ਸਿੰਘ, ਭਗਵੰਤ ਸਿੰਘ ਗਿੱਲ, ਮੇਜਰ ਸਿੰਘ, ਦਿਆਲ ਚੰਦ, ਕੁਲਵੰਤ ਸਿੰਘ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਗਮਾਡਾ ਵੱਲੋਂ ਸੈਕਟਰ-76 ਤੋਂ 80 ਦੇ ਪਲਾਟ ਧਾਰਕਾ ਨੂੰ ਅਗਸਤ 2023 ਤੋਂ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚ 2645.5 ਰੁਪਏ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਵਾਧੂ ਪੈਸੇ 12 ਪ੍ਰਤੀਸ਼ਤ ਵਿਆਜ ਨਾਲ ਜਮਾ ਕਰਵਾਉਣ ਲਈ ਕਿਹਾ ਗਿਆ ਹੈ। ਸੈਕਟਰ ਵਾਸੀਆਂ ਨੇ ਦੱਸਿਆ ਕਿ 15 ਅਕਤੂਬਰ 2024 ਨੂੰ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਵਿੱਚ ਗਮਾਡਾ ਨੇ 820 ਰੁਪਏ ਘਟਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਸਬੰਧੀ 8 ਜਨਵਰੀ 2015 ਨੂੰ ਗਮਾਡਾ ਨੇ ਸਰਕਾਰ ਨੂੰ ਕੇਸ ਤਿਆਰ ਕਰਕੇ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਹੁਣ ਤੱਕ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ।