ਇੱਥੋਂ ਨੇੜਲੇ ਪਿੰਡ ਝਰਮੜੀ ’ਚ ਸਥਿਤ ਓਮੈਕਸ ਗ੍ਰੀਨਜ਼ ਸੁਸਾਇਟੀ ਦੇ ਸੈਂਕੜੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀ ‘300 ਯੂਨਿਟ ਮੁਫ਼ਤ ਬਿਜਲੀ’ ਸਕੀਮ ਦਾ ਲਾਭ ਨਹੀਂ ਮਿਲ ਰਿਹਾ। ਲੋਕਾਂ ਨੇ ਦੋਸ਼ ਲਾਇਆ ਕਿ ਬਿਲਡਰ ਅਤੇ ਪੀਐੱਸਪੀਸੀਐੱਲ ਵਿਚਕਾਰ ਚੱਲ ਰਹੇ ਝਗੜੇ ਕਾਰਨ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦੇ ਬਿੱਲ ਭਰਨੇ ਪੈ ਰਹੇ ਹਨ।ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਗੱਲ ਸਾਹਮਣੇ ਆਈ ਸੁਸਾਇਟੀ ਵਿੱਚ ਪੀਐੱਸਪੀਸੀਐੱਲ ਵੱਲੋਂ ਅਜੇ ਵੀ ਸਿੰਗਲ ਪੁਆਇੰਟ ਕੁਨੈਕਸ਼ਨ ਚਲਾਇਆ ਜਾ ਰਿਹਾ ਹੈ। ਇਹ ਕੁਨੈਕਸ਼ਨ ਓਮੈਕਸ ਬਿਲਡਰ ਦੇ ਨਾਂ ’ਤੇ ਹੈ ਅਤੇ ਹਰ ਫਲੈਟ ਵਿੱਚ ਸਬ-ਮੀਟਰ ਰਾਹੀਂ ਬਿਜਲੀ ਦਿੱਤੀ ਜਾ ਰਹੀ ਹੈ। ਪੀਐੱਸਪੀਸੀਐਲ ਦੇ ਅਧਿਕਾਰੀ ਕਹਿੰਦੇ ਹਨ ਕਿ ਜਦੋਂ ਤੱਕ ਹਰ ਘਰ ਨੂੰ ਵੱਖ-ਵੱਖ ਡਾਇਰੈਕਟ ਕੁਨੈਕਸ਼ਨ ਨਹੀਂ ਮਿਲਦੇ, ਉਦੋਂ ਤੱਕ ਰਿਆਇਤੀ ਬਿਜਲੀ ਨਹੀਂ ਦਿੱਤੀ ਜਾ ਸਕਦੀ।ਨਿਵਾਸੀਆਂ ਨੇ ਦੱਸਿਆ ਕਿ ਉਹ ਪੀਐੱਸਪੀਸੀਐੱਲ ਤੇ ਬਿਲਡਰ ਨੂੰ ਕਈ ਵਾਰ ਅਰਜ਼ੀਆਂ ਦੇ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਲੋਕਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਸਕੀਮ ਅਨੁਸਾਰ ਹੱਕਦਾਰ ਹਨ ਪਰ ਵਿਵਾਦਾਂ ਵਿੱਚ ਪਿਸ ਰਹੇ ਹਨ।ਸੁਸਾਇਟੀ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਵਿਅਕਤੀਗਤ ਕੁਨੈਕਸ਼ਨ ਦੇਵੇ ਤਾਂ ਜੋ ਉਹ ਵੀ ਬਾਕੀ ਪੰਜਾਬ ਵਾਸੀਆਂ ਵਾਂਗ ਮਾਲੀ ਲਾਭ ਲੈ ਸਕਣ।