ਲਾਲ ਡੋਰਾ ਸਰਵੇਖਣ ਤੋਂ ਚੰਡੀਗੜ੍ਹ ਦੇ ਪਿੰਡਾਂ ਦੇ ਵਸਨੀਕ ਫਿਕਰਮੰਦ
ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਮੀਟਿੰਗ; ਸੰਘਰਸ਼ ਲਈ ਵਿਉਂਤਬੰਦੀ
ਯੂਟੀ ਚੰਡੀਗੜ੍ਹ ਵਿਚਲੇ ਪਿੰਡ ਭਾਵੇਂ ਨਗਰ ਨਿਗਮ ਅਧੀਨ ਆ ਚੁੱਕੇ ਹਨ ਪਰ ਫਿਰ ਵੀ ਕਦੇ ਨਾ ਕਦੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸਰਵੇਖਣ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੰਦੇ ਹਨ। ਅਜਿਹੀ ਹੀ ਇੱਕ ਹੋਰ ਪ੍ਰੇਸ਼ਾਨੀ ਇਨ੍ਹੀਂ ਦਿਨੀਂ ਚੱਲ ਰਹੇ ਲਾਲ ਡੋਰਾ ਸਰਵੇਖਣਾਂ ਨੇ ਪੈਦਾ ਕਰ ਦਿੱਤੀ ਹੋਈ ਹੈ।
ਇਹ ਚਰਚਾ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੀ ਪਿੰਡ ਪਲਸੌਰਾ ਵਿਖੇ ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿੱਚ ਹੋਈ, ਜਿਸ ਵਿੱਚ ਜੋਗਿੰਦਰ ਸਿੰਘ ਬੁੜੈਲ, ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਸ਼ਰਨਜੀਤ ਸਿੰਘ ਬੈਦਵਾਨ, ਜੋਗਾ ਸਿੰਘ, ਗੁਰਪ੍ਰੀਤ ਸਿੰਘ ਸੋਮਲ ਸ਼ਾਮਲ ਹੋਏ। ਸੰਘਰਸ਼ ਕਮੇਟੀ ਦੇ ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਚੰਡੀਗੜ੍ਹ ਦੇ ਪਿੰਡ ਪਲਸੌਰਾ, ਕਜਹੇੜੀ, ਬੁੜੈਲ, ਅਟਾਵਾ ਅਤੇ ਸਾਰੰਗਪੁਰ ਵਿਖੇ ਵੱਖ-ਵੱਖ ਟੀਮਾਂ ਵੱਲੋਂ ਲਾਲ ਡੋਰੇ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਰਵੇ ਬਾਰੇ ਖੁੱਲ੍ਹ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਪਿੰਡਾਂ ਦੇ ਲੋਕ ਫਿਕਰਮੰਦ ਹਨ। ਟੀਮ ਵਿੱਚ ਇਲਾਕਾ ਪਟਵਾਰੀ ਵੀ ਸ਼ਾਮਲ ਹੁੰਦਾ ਹੈ ਅਤੇ ਪੁਰਾਣੇ ਨਕਸ਼ੇ ਮੁਤਾਬਕ ਸਰਵੇ ਹੋ ਰਿਹਾ ਹੈ। ਲੋਕ ਸੋਚਦੇ ਹਨ ਕਿ ਹੁਣ ਜਦੋਂ ਇਹ ਸਾਰੇ ਪਿੰਡ ਨਗਰ ਨਿਗਮ ਅਧੀਨ ਆ ਗਏ ਤਾਂ ਫਿਰ ਲਾਲ ਡੋਰੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡਰ ਹੈ ਕਿ ਕਿਤੇ ਪੁਰਾਣੇ ਨਕਸ਼ੇ ਨੂੰ ਦੇਖ ਕੇ ਲੋਕਾਂ ਵੱਲੋਂ ਆਪਣੇ ਪਸ਼ੂ ਵਾੜਿਆਂ ਵਿੱਚ ਬਣਾਏ ਮਕਾਨਾਂ ’ਤੇ ਪ੍ਰਸ਼ਾਸਨ ਆਪਣਾ ਪੀਲਾ ਪੰਜਾ ਨਾ ਚਲਾ ਦੇਵੇ ਕਿਉਂਕਿ ਇਹ ਵਾੜੇ ਤਾਂ ਪਿੰਡਾਂ ਦੇ ਲੋਕਾਂ ਨੂੰ ਉਸ ਵੇਲ਼ੇ ਪ੍ਰਸ਼ਾਸਨ ਵੱਲੋਂ ਪਸ਼ੂਆਂ ਲਈ ਦਿੱਤੇ ਗਏ ਸਨ। ਬਾਅਦ ਵਿੱਚ ਜਿਉਂ-ਜਿਉਂ ਪਰਿਵਾਰ ਵੱਡੇ ਹੁੰਦੇ ਗਏ ਤਾਂ ਆਪਣੀ ਜ਼ਰੂਰਤ ਵਧਦੀ ਦੇਖ ਕੇ ਲੋਕਾਂ ਨੇ ਵਾੜਿਆਂ ਵਿੱਚ ਆਪਣੇ ਘਰ ਬਣਾ ਲਏ ਪਰ ਹੁਣ ਵਾਰ-ਵਾਰ ਹੋ ਰਹੇ ਸਰਵੇਖਣ ਪਿੰਡਾਂ ਦੇ ਲੋਕਾਂ ਦੀ ਨੀਂਦ ਹਰਾਮ ਕਰ ਰਹੇ ਹਨ। ਮੀਟਿੰਗ ਵਿੱਚ ਸ਼ਾਮਲ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪਿੰਡਾਂ ਦੇ ਲੋਕਾਂ ਦੇ ਮਕਾਨਾਂ ਨਾਲ ਕੋਈ ਛੇੜਖਾਨੀ ਕੀਤੀ ਤਾਂ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਇਸ ਖਿਲਾਫ਼ ਵੱਡਾ ਸੰਘਰਸ਼ ਛੇੜ ਦੇਵੇਗੀ।
ਮਨੀਸ਼ ਤਿਵਾੜੀ ਕੋਲ ਮੁੱਦਾ ਰੱਖਣ ’ਤੇ ਸਹਿਮਤੀ ਬਣੀ
ਨੰਬਰਦਾਰ ਦਲਜੀਤ ਸਿੰਘ ਪਲਸੌਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਇਸ ਗੱਲ ’ਤੇ ਵੀ ਸਹਿਮਤੀ ਬਣੀ ਕਿ ਆਉਂਦੇ ਦਿਨਾਂ ਵਿੱਚ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨਾਲ਼ ਮੁਲਾਕਾਤ ਕੀਤੀ ਜਾਵੇਗੀ ਅਤੇ ਉਨ੍ਹਾਂ ਕੋਲ਼ ਇਹ ਮੁੱਦਾ ਰੱਖਿਆ ਜਾਵੇਗਾ।