DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੋਟਲ ਲਲਿਤ ’ਚ ਬੰਬ ਮਿਲਣ ਦੀ ਸੂਚਨਾ ਮੌਕ ਡਰਿੱਲ ਨਿਕਲੀ

ਪੁਲੀਸ ਨੇ ਸ਼ਹਿਰ ਵਿੱਚ ਚੌਕਸੀ ਵਧਾਈ; ਸ਼ੱਕੀ ਵਸਤੂ ਮਿਲਣ ’ਤੇ ਪੁਲੀਸ ਨੂੰ ਸੂਚਿਤ ਕਰਨ ਲਈ ਕਿਹਾ
  • fb
  • twitter
  • whatsapp
  • whatsapp
Advertisement

Advertisement

ਆਤਿਸ਼ ਗੁਪਤਾ

ਚੰਡੀਗੜ੍ਹ, 19 ਜੂਨ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਚੰਡੀਗੜ੍ਹ ਪੁਲੀਸ ਸ਼ਹਿਰ ਵਿੱਚ 24 ਘੰਟੇ ਮੁਸਤੈਦੀ ਰੱਖ ਰਹੀ ਹੈ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਦੇ ਵਾਪਰਨ ਨੂੰ ਰੋਕਿਆ ਜਾ ਸਕੇ। ਆਈਟੀ ਪਾਰਕ ਵਿਚ ਸਥਿਤ ਹੋਟਲ ਲਲਿਤ ਵਿੱਚ ਅੱਜ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੋਈ। ਬੰਬ ਦੀ ਸੂਚਨਾ ਪ੍ਰਾਪਤ ਹੁੰਦਿਆਂ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਨੇ ਬੰਬ ਸਕੁਐਡ ਤੇ ਡਾਗ ਸਕੁਐਡ ਨਾਲ ਹੋਟਲ ਲਲਿਤ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਦੀ ਇਹ ਕਾਰਵਾਈ ‘ਮੌਕ ਡਰਿੱਲ’ ਨਿਕਲੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਗਾਮ ਵਿੱਚ ਵਾਪਰੀ ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲੀਸ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੁਸਤੈਦ ਹੋਈ ਪਈ ਹੈ। ਇਸੇ ਦੇ ਚਲਦਿਆਂ ਪੁਲੀਸ ਨੇ ਕੰਟਰੋਲ ਰੂਮ ਵਿਖੇ ਹੋਟਲ ਲਲਿਤ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ। ਬੰਬ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਨੇ ਹੋਟਲ ਨੂੰ ਖਾਲੀ ਕਰਵਾ ਕੇ ਚਾਰੋਂ ਪਾਸਿਉਂ ਘੇਰ ਲਿਆ। ਇਸ ਮੌਕੇ ਪੁਲੀਸ ਟੀਮਾਂ ਨੇ ਚੱਪੇ-ਚੱਪੇ ਦੀ ਜਾਂਚ ਕੀਤੀ। ਪੁਲੀਸ ਨੇ ਚੈਕਿੰਗ ਦੌਰਾਨ ਇਕ ਨਕਲੀ ਬੰਬ ਬਰਾਮਦ ਕੀਤਾ, ਜਿਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ। ਇਸ ਬੰਬ ਨੂੰ ਪੁਲੀਸ ਨੇ ਸੈਕਟਰ-26 ਵਿਖੇ ਸਥਿਤ ਪੁਲੀਸ ਲਾਈਨ ਵਿਖੇ ਨਸ਼ਟ ਕੀਤਾ। ਇਸ ਮੌਕੇ ਸਿਵਲ ਡਿਫੈਂਸ, ਮੋਬਾਈਲ ਫੋਰੈਂਸਿਕ, ਫਾਇਰ ਬ੍ਰਿਗੇਡ, ਸੈਕਟਰ-16 ਹਸਪਤਾਲ ਦੀ ਐਂਬੂਲੈਂਸ ਅਤੇ ਟਰੈਫ਼ਿਕ ਵਿੰਗ ਸਣੇ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਮੌਜੂਦ ਸਨ।

ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੁਲੀਸ ਵੱਲੋਂ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਸਮੇਂ-ਸਮੇਂ ’ਤੇ ਅਜਿਹੀ ਮੌਕ ਡਰਿੱਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 24 ਘੰਟੇ ਸ਼ਹਿਰ ਵਿੱਚ ਹਰ ਥਾਂ ’ਤੇ ਚੌਕਸੀ ਰੱਖੀ ਜਾ ਰਹੀ ਹੈ। ਸ਼ਹਿਰ ਵਿੱਚ ਚੌਕਸੀ ਰੱਖਣ ਲਈ ਪੀਸੀਆਰ ਗੱਡੀਆਂ ਵੀ ਸਾਰੇ ਸੈਕਟਰਾਂ ਵਿੱਚ ਗਸ਼ਤ ਕਰ ਰਹੀਆਂ ਹਨ। ਪੁਲੀਸ ਅਧਿਕਾਰੀ ਨੇ ਲੋਕਾਂ ਨੂੰ ਕਿਸੇ ਵੀ ਅਣਜਾਨ ਵਿਅਕਤੀ ਜਾਂ ਵਸਤੂ ਦਿਖਾਈ ਦੇਣ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ।

Advertisement
×