ਪੀਰ ਖਾਨਿਆਂ ਵਿੱਚ ਧਾਰਮਿਕ ਸਮਾਗਮ
ਮੁੱਲਾਂਪੁਰ ਗਰੀਬਦਾਸ: ਨਿਊ ਚੰਡੀਗੜ੍ਹ ਇਲਾਕੇ ਦੇ ਕਈ ਪਿੰਡਾਂ ਦੇ ਪੀਰ ਖਾਨਿਆਂ ਵਿੱਚ ਪ੍ਰਬੰਧਕਾਂ ਵੱਲੋਂ ਭੰਡਾਰੇ/ਲੰਗਰ ਚਲਾਏ ਗਏ ਤੇ ਧਾਰਮਿਕ ਸਮਾਗਮ ਕੀਤੇ ਗਏ। ਪਿੰਡ ਘੰਡੌਲੀ, ਮੁੱਲਾਂਪੁਰ ਗਰੀਬਦਾਸ, ਚਾਹੜ ਮਾਜਰਾ, ਕਸੌਲੀ ਤੇ ਦਿੱਲੂਆਂ ਵਿੱਚ ਪੀਰ ਦਰਬਾਰਾਂ ਵਿੱਚ ਧਾਰਮਿਕ ਸਮਾਗਮ ਕੀਤੇ ਗਏ ਹਨ। ਪ੍ਰਬੰਧਕਾਂ ਨੇ ਪੀਰਾਂ ਦੀਆਂ ਤੁਰਬਤਾਂ ’ਤੇ ਚਾਦਰਾਂ ਅਤੇ ਝੰਡੇ ਚੜ੍ਹਾਏ। ਇਸ ਦੌਰਾਨ ਜਗਮੋਹਨ ਸਿੰਘ ਕੰਗ ਨੇ ਸ਼ਿਰਕਤ ਕੀਤੀ। -ਪੱਤਰ ਪ੍ਰੇਰਕ
ਪੈਨਸ਼ਨ ਮਹਾਂ ਸੰਘ ਦੀ ਮੀਟਿੰਗ ਭਲਕੇ
ਚਮਕੌਰ ਸਾਹਿਬ: ਪੰਜਾਬ ਰਾਜ ਪੈਨਸ਼ਨਰ ਮਹਾਂ ਸਿੰਘ ਬਲਾਕ ਚਮਕੌਰ ਸਾਹਿਬ ਦੇ ਜਨਰਲ ਸਕੱਤਰ ਪ੍ਰਿੰਸੀਪਲ ਲਛਮਣ ਸਿੰਘ ਨੇ ਦੱਸਿਆ ਕਿ ਪੈਨਸ਼ਨਰ ਮਹਾਂ ਸੰਘ ਦੀ ਮਹੀਨਾਵਾਰ ਮੀਟਿੰਗ ਅੱਠ ਜੂਨ ਨੂੰ ਸਵੇਰੇ 9 ਵਜੇ ਇੱਥੇ ਪੈਨਸ਼ਨਰ ਹੋਮ ਵਿੱਚ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਬਲਾਕ ਪੱਧਰ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ
ਚੰਗੇਰਾ ਵਿੱਚ ਗਤਕਾ ਮੁਕਾਬਲੇ ਭਲਕੇ
ਬਨੂੜ: ਨਜ਼ਦੀਕੀ ਪਿੰਡ ਚੰਗੇਰਾ ਵਿੱਚ ਅੱਠ ਜੂਨ ਨੂੰ ਪਹਿਲਾ ਵਿਰਸਾ ਸੰਭਾਲ ਗਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਅੱਠ ਜੂਨ ਨੂੰ ਸੁਰਜੀਤ ਫਾਰਮ ਚੰਗੇਰਾ ਵਿੱਚ ਸਵੇਰ ਸਮੇਂ ਘੱਲੂਘਾਰਾ ਦਿਵਸ ਦੇ ਸ਼ਹੀਦਾਂ ਦੀ ਯਾਦ ਵਿੱਚ ਪਾਠ ਦੇ ਭੋਗ ਪਾਏ ਜਾਣਗੇ। ਬਾਅਦ ਦੁਪਹਿਰ ਗਤਕਾ ਮੁਕਾਬਲੇ ਕਰਾਏ ਜਾਣਗੇ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਗਤਕੇ ਦੇ ਜੌਹਰ ਦਿਖਾਏ ਜਾਣਗੇ। -ਪੱਤਰ ਪ੍ਰੇਰਕ