ਇਥੋਂ ਨਜ਼ਦੀਕੀ ਪਿੰਡ ਸਿੰਘਪੁਰ ਸਥਿਤ ਪਾਵਰਕੌਮ ਦੀ ਇਮਾਰਤ ਕਾਫੀ ਸਮੇਂ ਤੋਂ ਖਾਸਤਾ ਹਾਲਤ ਵਿੱਚ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਇਸ ਇਮਾਰਤ ਦੀਆਂ ਛੱਤਾਂ ਤਿਪਕਣ ਲੱਗ ਪਈਆਂ ਹਨ। ਇਥੇ ਪਿਆ ਸਾਰਾ ਰਿਕਾਰਡ ਭਿੱਜ ਗਿਆ ਹੈ। ਇਸ ਇਮਾਰਤ ਵਿੱਚ ਕੰਮ ਕਰਦਾ ਅਮਲਾ ਸੁਰੱਖਿਅਤ ਨਹੀਂ ਹੈ। ਕਦੇ ਵੀ ਇਮਾਰਤ ਡਿੱਗਣ ਦਾ ਖਦਸ਼ਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਮੀਂਹ ਪੈਣ ਕਾਰਣ ਐੱਸਡੀਓ ਦਫ਼ਤਰ ਨਾਲ ਲੱਗਦੇ ਹਿੱਸੇ ਦਾ ਲੈਂਟਰ ਦਾ ਟੁਕੜਾ ਡਿੱਗ ਪਿਆ। ਉੱਥੇ ਕੋਈ ਵੀ ਕਰਮਚਾਰੀ ਨਾ ਹੋਣ ਕਾਰਣ ਵੱਡਾ ਹਾਦਸਾ ਹੋਣੋਂ ਟਲ ਗਿਆ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਪਾਵਰਕੌਮ ਦੇ ਅਮਲੇ ਨੂੰ ਆਈਟੀਆਈ ਸਿੰਘਪੁਰ ਦੀ ਬਿਲਡਿੰਗ ਵਿੱਚ ਤਬਦੀਲ ਕਰਨ ਲਈ ਮੰਗ ਕੀਤੀ ਹੈ।ਐਸਡੀਓ ਅਖਿਲੇਸ਼ ਕੁਮਾਰ ਨੇ ਬਿਲਡਿੰਗ ਦੇ ਇੱਕ ਹਿਸੇੇ ਡਿੱਗਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਬਿਲਡਿੰਗ ਬਾਰੇ ਬਜਟ ਬਣਾ ਕੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਭੇਜਿਆ ਹੈ। ਇੱਕ ਪੱਤਰ ਰਾਹੀ ਕਰਮਚਾਰੀਆਂ ਨੂੰ ਕਿਸੇ ਹੋਰ ਇਮਾਰਤ ਵਿੱਚ ਤਬਦੀਲ ਕਰਨ ਲਈ ਕਿਹਾ ਗਿਆ ਹੈ।
ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਵੱਲੋਂ ਖਸਤਾ ਬਿਲਡਿੰਗ ਦਾ ਦੌਰਾ
ਨਾਇਬ ਤਹਿਸੀਲਦਾਰ ਸੁਨੀਤਾ ਦੇਵੀ ਨੇ ਅੱਜ ਸਿੰਘਪੁਰ ਪਾਵਰਕੌਮ ਦੀ ਨਕਾਰਾ ਇਮਾਰਤ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਉਹ ਉਚ ਅਧਿਕਾਰੀਆਂ ਨੂੰ ਭੇਜ ਰਹੇ ਹਨ।
ਖਸਤਾ ਇਮਾਰਤ ’ਤੇ ਸੰਦੋਆ ਨੇ ਚੁੱਕੇ ਸਵਾਲ
ਆਪ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪਾਵਰਕੌਮ ਦੀ ਸਿੰਘਪੁਰ ਦੀ ਖਾਸਤਾ ਹਾਲਤ ਇਮਾਰਤ ਬਾਰੇ ਕਿਹਾ ਕਿ ਇਹ ਹੁਣ ਕਾਫੀ ਪੁਰਾਣੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਇਲਾਕੇ ਦੇ ਪਿੰਡਾਂ ਦਾ ਪ੍ਰਮੁੱਖ ਬਿਜਲੀ ਦਫ਼ਤਰ ਹੈ। ਵੱਡੀ ਤਦਾਦ ਵਿੱਚ ਲੋਕ ਇਥੇ ਕੰਮ ਕਰਵਾਉਣ ਆਉਂਦੇ ਹਨ। ਬਿਜਲੀ ਘਰ ਦੀ ਇਮਾਰਤ ਖਸਤਾ ਹੋਣ ਕਾਰਨ ਇਥੇ ਕਦੇ ਵੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਛੱਤਾਂ ਤਿਪਕਣ ਕਾਰਨ ਰਿਕਾਰਡ ਨੁਕਸਾਨਿਆ ਗਿਆ ਹੈ। ਉਨ੍ਹਾਂ ਸਰਕਾਰ ਨੂੰ ਦਫਤਰ ਤਬਦੀਲ ਕਰਨ ਦੀ ਮੰਗ ਕੀਤੀ ਹੈ।