ਫਿਰੌਤੀ ਮੰਗਣ ਦਾ ਮਾਮਲਾ: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਫੋਨ ਉੱਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਕਾਬੂ
ਮੁਹਾਲੀ ਪੁਲੀਸ ਨੇ ਨਾਮਵਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਫੋਨ ਉੱਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਕਾਬੂ ਕੀਤਾ ਗਿਆ ਮੁਲਜ਼ਮ ਚੰਡੀਗੜ੍ਹ ਦੇ ਥਾਣਾ ਸਾਰੰਗਪੁਰ ਦੇ ਪਿੰਡ ਖੁੱਡਾ ਜੱਸੂ ਦਾ ਵਸਨੀਕ ਹੈ, ਜਿਹੜਾ ਕਿ ਹਰਜਿੰਦਰ ਸਿੰਘ ਅਤੇ ਰਵਿੰਦਰ ਸਿੰਘ ਦੋ ਨਾਵਾਂ ਨਾਲ ਜਾਣਿਆ ਜਾਂਦਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਵੱਲੋਂ ਜਾਰੀ ਪ੍ਰੈੱਸ ਨੋਟ ਦੱਸਿਆ ਗਿਆ ਕਿ ਮੁਹਾਲੀ ਸਿਟੀ-ਇੱਕ ਦੇ ਡੀਐਸਪੀ ਪ੍ਰਿਥਵੀ ਸਿੰਘ ਚਹਿਲ ਦੀ ਅਗਵਾਈ ਹੇਠ ਥਾਣਾ ਮਟੌਰ ਦੀ ਪੁਲੀਸ ਅਤੇ ਸੀਆਈਏ ਸਟਾਫ਼ ਮੁਹਾਲੀ ਦੀ ਪੁਲੀਸ ਵੱਲੋਂ ਸਾਂਝੀ ਕਾਰਵਾਈ ਦੌਰਾਨ ਉਕਤ ਮੁਲਜ਼ਮ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ।
ਪੁਲੀਸ ਅਨੁਸਾਰ ਗਾਇਕ ਮਨਕੀਰਤ ਔਲਖ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ਾਂ ਅਧੀਨ ਅਣਪਛਾਤੇ ਵਿਅਕਤੀ ਉੱਤੇ ਥਾਣਾ ਮਟੌਰ ਵਿਖੇ ਵੱਖ-ਵੱਖ ਧਰਾਵਾਂ ਤਹਿਤ 21 ਅਗਸਤ ਨੂੰ ਪਰਚਾ ਦਰਜ ਕੀਤਾ ਗਿਆ ਸੀ।
ਪੁਲੀਸ ਅਨੁਸਾਰ ਜਦੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਮੁਲਜ਼ਮ ਦੀ ਸ਼ਨਾਖਤ ਹਰਜਿੰਦਰ ਸਿੰਘ ਉਰਫ਼ ਰਵਿੰਦਰ ਸਿੰਘ ਵਾਸੀ ਖੁੱਡਾ ਜੱਸੂ (ਯੂਟੀ) ਵਜੋਂ ਹੋਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਮੁਲਜ਼ਮ ਕਾਫ਼ੀ ਸਮੇਂ ਤੋਂ ਇਟਲੀ ਰਹਿੰਦਾ ਸੀ, ਜਿਹੜਾ ਕਿ ਹੁਣ ਪਿਛਲੇ ਇੱਕ ਮਹੀਨੇ ਤੋਂ ਆਪਣੇ ਪਿੰਡ ਆਇਆ ਹੋਇਆ ਸੀ। ਇਸ ਅਰਸੇ ਦੌਰਾਨ ਹੀ ਕਥਿਤ ਮੁਲਜ਼ਮ ਵੱਲੋਂ ਗਾਇਕ ਮਨਕੀਰਤ ਔਲਖ ਨੂੰ ਪਹਿਲਾ ਫੋਨ ਉੱਤੇ ਵੁਆਇਸ ਕਾਲ ਅਤੇ ਫਿਰ ਮੈਸੇਜ ਭੇਜ ਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੁਲੀਸ ਅਨੁਸਾਰ ਇਹ ਵਿਅਕਤੀ ਹੁਣ ਫੇਰ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ, ਜਿਸ ਨੂੰ ਕਿ ਕਾਬੂ ਕਰ ਲਿਆ ਗਿਆ।
ਥਾਣਾ ਮਟੌਰ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਕਥਿਤ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।