ਮੁਹਾਲੀ ਵਿਚ ਫੇਜ਼ 11 ਦੇ ਕਈ ਘਰਾਂ ’ਚ ਭਰਿਆ ਮੀਂਹ ਦਾ ਪਾਣੀ
ਸੜਕਾਂ ’ਤੇ ਖੜੀਆਂ ਦਰਜਨਾਂ ਗੱਡੀਆਂ ਤਿੰਨ ਤਿੰਨ ਫੁੱਟ ਪਾਣੀ ਵਿੱਚ ਡੁੱਬੀਆਂ; ਸਥਾਨਕ ਲੋਕਾਂ ਨੇ ਏਅਰਪੋਰਟ ਰੋਡ ਦਾ ਇਕ ਹਿੱਸਾ ਜਾਮ ਕਰਕੇ ਕੀਤਾ ਪ੍ਰਦਰਸ਼ਨ; ਨਿਗਮ ਕਮਿਸ਼ਨਰ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਮੁਹਾਲੀ ਵਿੱਚ ਅੱਜ ਤੜਕੇ ਪਏ ਮੋਹਲੇਧਾਰ ਮੀਂਹ ਨੇ ਫੇਜ਼ 11 ਦੇ ਕੁਆਰਟਰਾਂ ਵਿੱਚ ਰਹਿੰਦੇ ਵਸਨੀਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਨ੍ਹਾਂ ਕੁਆਰਟਰਾਂ ਵਿੱਚ ਘਰਾਂ ਅੰਦਰ ਵੀ ਇੱਕ ਤੋਂ ਦੋ ਫੁੱਟ ਤੱਕ ਪਾਣੀ ਭਰ ਗਿਆ ਅਤੇ ਬਾਹਰਲੀਆਂ ਸੜਕਾਂ ’ਤੇ ਤਿੰਨ ਤਿੰਨ ਫੁੱਟ ਪਾਣੀ ਜਮ੍ਹਾਂ ਹੋ ਗਿਆ। ਘਰਾਂ ਵਿੱਚ ਪਾਣੀ ਵੜਨ ਨਾਲ ਜਿੱਥੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਉੱਥੇ ਸੜਕਾਂ ਉੱਤੇ ਖੜ੍ਹੀਆਂ ਗੱਡੀਆਂ ਵਿੱਚ ਪਾਣੀ ਭਰਨ ਨਾਲ ਵਾਹਨ ਵੀ ਨੁਕਸਾਨੇ ਗਏ।
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਵੀ ਮੌਕਾ ਵੇਖਿਆ। ਉਨ੍ਹਾਂ ਸਥਾਨਕ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ ਦਾ ਸਥਾਈ ਹੱਲ ਕੱਢਣ ਲਈ ਸੀਵਰੇਜ ਬੋਰਡ ਅਤੇ ਗਮਾਡਾ ਵੱਲੋਂ ਇਕ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜਿਸ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਈਨ ਮੁਕੰਮਲ ਹੋਣ ਨਾਲ ਇਸ ਖੇਤਰ ਵਿੱਚ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ।
ਇਸ ਦੌਰਾਨ ਬਰਸਾਤਾਂ ਵਿੱਚ 11 ਫੇਜ਼ ਦੇ ਕੁਆਰਟਰਾਂ ਵਿੱਚ ਪਾਣੀ ਭਰਨ ਤੋਂ ਰੋਹ ਵਿੱਚ ਆਏ ਵਸਨੀਕਾਂ ਨੇ ਇਸ ਫੇਜ਼ ਤੋਂ ਏਅਰਪੋਰਟ ਰੋਡ ਵੱਲ ਨੂੰ ਜਾਂਦੀ ਸੜਕ ਦੇ ਇੱਕ ਪਾਸੇ ਉੱਤੇ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ, ਨਗਰ ਨਿਗਮ ਅਤੇ ਗਮਾਡਾ ਖਿਲਾਫ਼ ਨਾਅਰੇਬਾਜ਼ੀ ਕੀਤੀ।
ਮੌਕੇ ’ਤੇ ਪਹੁੰਚੇ ਅਫ਼ਸਰਾਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ। ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਵੱਲੋਂ ਦਿੱਤੇ ਭਰੋਸੇ ਮਗਰੋਂ ਲੋਕਾਂ ਨੇ ਜਾਮ ਖੋਲ੍ਹ ਦਿੱਤਾ।
ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸੜਕਾਂ ’ਤੇ ਜਮ੍ਹਾਂ ਪਾਣੀ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।