ਮੀਂਹ ਨੇ ਕਿਸਾਨਾਂ ਨੂੰ ਫ਼ਿਕਰ ਵਿੱਚ ਪਾਇਆ
ਪਿਛਲੇ ਕਈਂ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਕਿਸਾਨਾਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ। ਝੋਨੇ ਦੀ ਅਗੇਤੀ ਫ਼ਸਲ ਪੱਕਣ ਕਿਨਾਰੇ ਹੈ ਤੇ ਤੇਜ਼ ਹਵਾਵਾਂ ਨਾਲ ਇਸ ਦੇ ਡਿੱਗਣ ਦਾ ਡਰ ਹੈ। ਲਗਾਤਾਰ ਨਮੀ ਅਤੇ ਖੇਤਾਂ ਵਿਚ ਪਾਣੀ ਖੜ੍ਹਨ ਨਾਲ ਝੋਨੇ ਦੇ ਦਾਣਿਆਂ ਵਿਚ ਡੋਡੀ ਬਣਨੀ ਸ਼ੁਰੂ ਹੋ ਗਈ ਹੈ, ਜਿਸ ਦਾ ਝਾੜ ਉੱਤੇ ਅਸਰ ਪਵੇਗਾ। ਇਸੇ ਤਰ੍ਹਾਂ ਬਨੂੜ ਖੇਤਰ ਵਿਚ ਵੱਡੀ ਮਾਤਰਾ ਵਿੱਚ ਹੁੰਦੀ ਮਿਰਚ ਦੀ ਫ਼ਸਲ ਵਿੱਚ ਪਾਣੀ ਖੜ੍ਹਨ ਕਾਰਨ ਮਿਰਚਾਂ ਦੇ ਬੂਟੇ ਸੁੱਕਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦੀਆਂ ਹੋਰ ਸਬਜ਼ੀਆਂ ਦੀ ਵੇਲਾਂ ਵੀ ਸੁੱਕ ਲੱਗੀਆਂ ਹਨ। ਕਿਸਾਨਾਂ ਵੱਲੋਂ ਲਗਾਏ ਜਾਂਦੇ ਅਗੇਤੇ ਆਲੂ ਦੀ ਫ਼ਸਲ ਵੀ ਮੀਂਹ ਕਾਰਨ ਲੇਟ ਹੋਣ ਲੱਗੀ ਹੈ। ਇਸੇ ਤਰਾਂ ਬਨੂੜ ਦੇ ਘੱਗਰ ਨੇੜਲੇ ਪਿੰਡਾਂ ਦੀ ਬੰਨ੍ਹਾਂ ਤੋਂ ਅੰਦਰ ਪੈਂਦੀ ਜ਼ਮੀਨ ਉੱਤੇ ਬੀਜੀ ਹੋਈ ਫ਼ਸਲ ਵਿਚ ਘੱਗਰ ਦੀ ਗਾਦ ਚੜ੍ਹ ਗਈ ਹੈ, ਜਿਸ ਨਾਲ ਫ਼ਸਲ ਨੁਕਸਾਨੀ ਗਈ ਹੈ। ਪਿੰਡ ਹੰਸਾਲਾ, ਮਨੌਲੀ ਸੂਰਤ, ਨੱਗਲ, ਛੜਬੜ, ਤੇਪਲਾ ਆਦਿ ਦੇ ਕਈਂ ਕਿਸਾਨਾਂ ਨੇ ਇੱਕ ਹਫ਼ਤੇ ਵਿਚ ਦੂਜੀ ਵੇਰ ਫ਼ਸਲਾਂ ਵਿਚ ਘੱਗਰ ਦਾ ਗਾਰ ਚੜ੍ਹਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਇਸ ਨਾਲ ਫ਼ਸਲਾਂ ਖਰਾਬ ਹੋ ਗਈਆਂ ਹਨ। ਉਨ੍ਹਾਂ ਤੁਰੰਤ ਇਸ ਦੀ ਗਿਰਦਾਵਰੀ ਦੀ ਮੰਗ ਕੀਤੀ ਅਤੇ ਮੁਆਵਜ਼ਾ ਦੇਣ ਲਈ ਆਖਿਆ।