ਚੰਡੀਗੜ੍ਹ ਵਿੱਚ ਮੀਂਹ ਕਾਰਨ ਪਾਰਾ 4.7 ਡਿਗਰੀ ਡਿੱਗਿਆ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਲੰਘੇ ਦਿਨ ਤੋਂ ਸ਼ੁਰੂ ਹੋਇਆ ਮੀਂਹ ਅੱਜ ਵੀ ਸਵੇਰ ਤੋਂ ਦੁਪਹਿਰ ਤੱਕ ਰੁਕ-ਰੁਕ ਕੇ ਪੈਂਦਾ ਰਿਹਾ ਹੈ। ਮੀਂਹ ਕਰ ਕੇ ਸਿਟੀ ਬਿਊਟੀਫੁੱਲ ਦਾ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ ਲੋਕਾਂ ਨੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਦੂਜੇ ਪਾਸੇ, ਕਈ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋਣ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਚੰਡੀਗੜ੍ਹ ਵਿੱਚ ਮੀਂਹ ਕਰ ਕੇ ਤਾਪਮਾਨ ਵਿੱਚ 4.7 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਵਿੱਚ 1.4 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ ਸ਼ਹਿਰ ਵਿੱਚ 23 ਤੇ 24 ਜੁਲਾਈ ਨੂੰ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੀਂਹ ਕਰ ਕੇ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਥਾਂ-ਥਾਂ ’ਤੇ ਚਿਕੜ ਹੋ ਗਿਆ ਹੈ। ਇਸ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਫ਼ਾਈ ਅਭਿਆਨ ਤੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਕੀਤੇ ਪ੍ਰਬੰਧਾਂ ਦੀ ਪੋਲ-ਖੋਲ੍ਹ ਕੇ ਰੱਖ ਦਿੱਤੀ ਹੈ। ਸਬਜ਼ੀ ਮੰਡੀ ਵਿੱਚ ਮੀਂਹ ਦੇ ਪਾਣੀ ਕਰ ਕੇ ਥਾਂ-ਥਾਂ ਪਾਣੀ ਭਰ ਗਿਆ। ਇਸ ਕਰ ਕੇ ਲੋਕਾਂ ਨੂੰ ਚਿੱਕੜ ਤੇ ਗੰਦਗੀ ਵਿੱਚ ਹੀ ਸਬਜ਼ੀਆਂ ਖ਼ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਾਲਾਂਕਿ ਯੂਟੀ ਪ੍ਰਸ਼ਾਸਨ ਵੱਲੋਂ ਸਬਜ਼ੀ ਵਿੱਚ ਪਾਣੀ ਦੀ ਨਿਕਾਸੀ ਤੇ ਸਫ਼ਾਈ ਪ੍ਰਬੰਧ ਯਕੀਨੀ ਬਣਾਉਣ ਲਈ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਹਕੀਕਤ ਵਿੱਚ ਇਹ ਸਭ ਠੁਸ ਦਿਖਾਈ ਦਿੱਤਾ। ਸਬਜ਼ੀ ਮੰਡੀ ਵਿੱਚ ਖ਼ਰੀਦਦਾਰੀ ਕਰਨ ਆਏ ਮਨੋਜ ਕੁਮਾਰ ਨੇ ਕਿਹਾ ਕਿ ਸਬਜ਼ੀ ਮੰਡੀ ਵਿੱਚ ਲੋਕਾਂ ਦੇ ਖਾਣ ਲਈ ਸਬਜ਼ੀਆਂ ਅਤੇ ਫਲ ਆਦਿ ਮਿਲਦੇ ਹਨ। ਪ੍ਰਸ਼ਾਸਨ ਨੂੰ ਸਬਜ਼ੀ ਮੰਡੀ ਵਿੱਚ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ।
ਆਮ ਨਾਲੋਂ 15 ਫ਼ੀਸਦ ਵੱਧ ਮੀਂਹ ਪਿਆ
ਚੰਡੀਗੜ੍ਹ ਵਿੱਚ ਮੌਨਸੂਮ ਸੀਜ਼ਨ ਦੌਰਾਨ ਆਮ ਨਾਲੋਂ 15.3 ਫ਼ੀਸਦ ਵੱਧ ਮੀਂਹ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਹਿਲੀ ਜੂਨ ਤੋਂ ਹੁਣ ਤੱਕ 398.1 ਐੱਮਐੱਮ ਮੀਂਹ ਪਿਆ ਹੈ ਜਦੋਂਕਿ ਆਮ ਤੌਰ ’ਤੇ 340 ਐੱਮਐੱਮ ਦੇ ਕਰੀਬ ਮੀਂਹ ਪੈਂਦਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਹਫ਼ਤੇ ਹੋਰ ਵੀ ਮੀਂਹ ਪੈ ਸਕਦਾ ਹੈ।