ਪੂਟਾ ਚੋਣਾਂ: ਟੀਮ ਬੈਟਿੰਗ ਫਾਰ ਚੇਂਜ ਵੱਲੋਂ ਮੈਨੀਫੈਸਟੋ ਜਾਰੀ
ੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ (ਪੂਟਾ) ਚੋਣਾਂ ਨੂੰ ਲੈ ਕੇ ਟੀਮ ‘ਬੈਟਿੰਗ ਫਾਰ ਚੇਂਜ’ ਨੇ ਅੱਜ ਸਟੂਡੈਂਟਸ ਸੈਂਟਰ ਵਿਖੇ ਆਪਣਾ ਮੈਨੀਫੈਸਟੋ ਜਾਰੀ ਕੀਤਾ। ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਹੁਦੇ ਲਈ ਉਮੀਦਵਾਰ ਡਾ. ਪਰਵੀਨ ਗੋਇਲ ਨੇ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਉਹ ਯੂਨੀਵਰਸਿਟੀ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 60 ਤੋਂ 65 ਸਾਲ ਕਰਨ ਅਤੇ ਯੂਜੀਸੀ ਦੇ ਮਿਆਰਾਂ ਅਨੁਸਾਰ 70 ਸਾਲ ਤੱਕ ਦੁਬਾਰਾ ਨਿਯੁਕਤੀ ਦੀਆਂ ਮੰਗਾਂ ਨੂੰ ਪੂਰਾ ਕਰਵਾਉਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਹਾਲੀਆ ਨੋਟੀਫਿਕੇਸ਼ਨਾਂ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ, ਡੈਂਟਲ ਫੈਕਲਟੀ ਦੇ ਤਨਖਾਹ ਸਕੇਲ ਵਿੱਚ ਸੋਧ ਅਤੇ ਯੂਜੀਸੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਪ੍ਰੋਫੈਸਰਾਂ ਦੀ ਤਰੱਕੀ ਨੂੰ ਸਮੇਂ ਸਿਰ ਲਾਗੂ ਕਰਨ, ਜਣੇਪਾ/ਬੱਚਾ ਸੰਭਾਲ ਛੁੱਟੀ ਵਿੱਚ ਵਾਧਾ, ਪੀਐੱਚਡੀ ਵਾਧੇ ਦੀ ਬਹਾਲੀ ਅਤੇ ਨਵੇਂ ਨਿਯੁਕਤ ਫੈਕਲਟੀ ਲਈ ਖੋਜ ਲਈ ਬੀਜ ਗ੍ਰਾਂਟ ਜਾਰੀ ਕਰਨ, ਰਿਹਾਇਸ਼ੀ ਕੁਆਰਟਰਾਂ ਦੇ ਰੱਖ-ਰਖਾਅ ਲਈ ਪਾਰਦਰਸ਼ੀ ਪ੍ਰਣਾਲੀ, ਨਕਦੀ ਰਹਿਤ ਸਹੂਲਤ ਵਾਲੇ ਹਸਪਤਾਲਾਂ ਦਾ ਪੈਨਲ ਅਤੇ ਕੈਂਪਸ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕਣ ਸਣੇ ਹੋਰ ਵੀ ਕਾਫੀ ਵਾਅਦੇ ਵੀ ਕੀਤੇ ਗਏ।
ਵਿਦਿਆਰਥੀ ਜਥੇਬੰਦੀ ਸੋਪੂ ਅਤੇ ਐੱਚਐੱਸਏ ਵਿਚਾਲੇ ਗੱਠਜੋੜ
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ 3 ਸਤੰਬਰ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਦੇ ਮੱਦੇਨਜ਼ਰ ਦੋ ਵਿਦਿਆਰਥੀ ਜਥੇਬੰਦੀਆਂ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਅਤੇ ਹਿੰਦੋਸਤਾਨ ਸਟੂਡੈਂਟਸ ਐਸੋਸੀਏਸ਼ਨ (ਐੱਚ.ਐੱਸ.ਏ.) ਵਿਚਕਾਰ ਅੱਜ ਗੱਠਜੋੜ ਹੋ ਗਿਆ ਹੈ। ਇਸ ਗੱਠਜੋੜ ਤਹਿਤ ‘ਸੋਪੂ’ ਵੱਲੋਂ ਅਰਦਾਸ ਕੌਰ ਪ੍ਰਧਾਨਗੀ ਜਦਕਿ ਐੱਚਐੱਸਏ ਵੱਲੋਂ ਸਾਹਿਲ ਜਨਰਲ ਸਕੱਤਰ ਦੀ ਸੀਟ ਵਾਸਤੇ ਚੋਣ ਵਿੱਚ ਇਕ-ਦੂਜੇ ਦੀ ਮੱਦਦ ਕਰਨਗੇ। ਸੋਪੂ ਆਗੂਆਂ ਬਲਰਾਜ ਸਿੱਧੂ, ਕਰਨਵੀਰ ਸਿੰਘ ਕ੍ਰਾਂਤੀ, ਅਵਤਾਰ ਸਿੰਘ ਸਮੇਤ ਐੱਚ.ਐੱਸ.ਏ. ਦੇ ਆਗੂਆਂ ਕੁਲਦੀਪ ਜਖਵਾਲ਼ਾ, ਗੁਰਦੀਪ ਸਿੰਘ ਅਤੇ ਅਜ਼ੀਮ ਮੁਹੰਮਦ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਗੱਠਜੋੜ ਕੇਵਲ ਚੋਣੀ ਗੱਠਜੋੜ ਨਹੀਂ, ਸਗੋਂ ਵਿਦਿਆਰਥੀ ਏਕਤਾ ਦੀ ਨਵੀਂ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਦੋਵੇਂ ਜਥੇਬੰਦੀਆਂ ਮਿਲ ਕੇ ਯੂਨੀਵਰਸਿਟੀ ਵਿਚਕਾਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ, ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਅਤੇ ਵਿਦਿਆਰਥੀ ਹੱਕਾਂ ਨੂੰ ਅੱਗੇ ਲਿਜਾਣ ਲਈ ਕੰਮ ਕਰਨਗੇ। ਆਗੂਆਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਵਿਦਿਆਰਥੀਆਂ ਵੱਲੋਂ ਮਿਲ ਰਹੇ ਸਮਰਥਨ ਅਤੇ ਭਰੋਸੇ ਨਾਲ ਇਹ ਗੱਠਜੋੜ ਨਿਸ਼ਚਿਤ ਤੌਰ ’ਤੇ ਜਿੱਤ ਦਰਜ ਕਰੇਗਾ ਅਤੇ ਯੂਨੀਵਰਸਿਟੀ ਦੇ ਹਰੇਕ ਵਿਦਿਆਰਥੀ ਦੀ ਅਵਾਜ਼ ਨੂੰ ਮਜ਼ਬੂਤੀ ਦੇਵੇਗਾ। ਉਨ੍ਹਾਂ ਕਿਹਾ ਕਿ ਸੋਪੂ ਜਥੇਬੰਦੀ ਨੇ ਕਾਫੀ ਲੰਬੇ ਸਮੇਂ ਬਾਅਦ ਪ੍ਰਧਾਨ ਦੀ ਸੀਟ ਉੱਤੇ ਕੋਈ ਉਮੀਦਵਾਰ ਖੜ੍ਹਾ ਕੀਤਾ ਹੈ ਅਤੇ ਹੁਣ ਵੀ ਪੂਰੀ ਮਜ਼ਬੂਤੀ ਨਾਲ ਚੋਣ ਮੈਦਾਨ ਵਿੱਚ ਹੈ। ਉਮੀਦਵਾਰ ਅਰਦਾਸ ਕੌਰ ਨੂੰ ਵਿਦਿਆਰਥੀਆਂ ਵੱਲੋਂ ਬੇਮਿਸਾਲ ਸਮਰਥਨ ਮਿਲ ਰਿਹਾ ਹੈ ਅਤੇ ਕੈਂਪਸ ਵਿਚਕਾਰ ਉਹਨਾਂ ਦੇ ਹੱਕ ਵਿੱਚ ਵੱਡਾ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੋਪੂ ਨੇ ਹਮੇਸ਼ਾ ਉਹਨਾਂ ਦੀਆਂ ਅਵਾਜ਼ਾਂ ਨੂੰ ਅੱਗੇ ਪਹੁੰਚਾਇਆ ਹੈ ਅਤੇ ਹੁਣ ਉਨ੍ਹਾਂ ਦੀ ਲੜਾਈ ਨੂੰ ਹੋਰ ਮਜ਼ਬੂਤੀ ਨਾਲ ਲੜਨ ਲਈ ਅਰਦਾਸ ਸਭ ਤੋਂ ਉਚਿਤ ਚਿਹਰਾ ਹੈ।