ਪੰਜਾਬੀ ਸਾਹਿਤ ਸਭਾ ਵੱਲੋਂ ‘ਸਾਉਣ ਕਵੀ ਦਰਬਾਰ’ ਕਰਵਾਇਆ ਗਿਆ
ਡੇਰਾਬੱਸੀ ਅਧੀਨ ਪੈਂਦੇ ‘ਸ਼ਹੀਦ ਜਥੇਦਾਰ ਬਖਤਾਵਰ ਸਿੰਘ ਲਾਇਬਰੇਰੀ’, ਭਾਂਖਰਪੁਰ ਵਿਖੇ ਪੰਜਾਬੀ ਸਾਹਿਤ ਸਭਾ ਵੱਲੋਂ ਮਾਸਿਕ ਇਕੱਤਰਤਾ ਕੀਤੀ ਗਈ।ਇਸ ਮੌਕੇ ‘ਸਾਉਣ ਕਵੀ ਦਰਬਾਰ’ ਵੀ ਕਰਵਾਇਆ ਗਿਆ। ਸਾਹਿਤ ਸਭਾ ਵੱਲੋਂ ਵੱਖ-ਵੱਖ ਕਵੀਆਂ ਨੇ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਥਾਂ ਰੱਖਦੇ ਸਾਉਣ ਮਹੀਨੇ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ।
ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜ਼ੈਲਦਾਰ ਸਿੰਘ ਹੱਸਮੁੱਖ ਨੇ ਆਪਣੇ ਨਵੇਂ ਗੀਤ ‘ਸਾਵਣ ਲੰਘਦਾ ਸੀ, ਖਾ ਪੀ ਮੌਜ ਮਨਾ ਕੇ’ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਗਿਆਨੀ ਧਰਮ ਸਿੰਘ ਭਾਂਖਰਪੁਰ ਨੇ ਪੁਰਾਣੇ ਸਮਿਆਂ ਵਿਚਲੇ ਸਾਉਣ ਮਹੀਨੇ ਦੀ ਤੁਲਨਾ ਅੱਜ ਦੇ ਸਾਉਣ ਮਹੀਨੇ ਨਾਲ ਕਰਦੇ ਹੋਏ ਆਪਣੀ ਕਵਿਤਾ ‘ਹੁਣ ਕਾਹਦਾ ਸਾਉਣ, ਉਦੋਂ ਸਾਉਣ ਹੁੰਦਾ ਸੀ’ ਪੜ੍ਹ ਕੇ ਮਾਹੋਲ ਖੁਸ਼ਗਵਾਰ ਬਣਾਇਆ ।
ਡੇਰਾਬੱਸੀ ਤੋਂ ਸਾਹਿਤ ਸਭਾ ਨਾਲ ਜੁੜੇ ਲੈਕਚਰਾਰ ਜੈ ਪਾਲ ਨੇ ਭਵਾਨੀ ਪ੍ਰਸਾਦ ਮਿਸ਼ਰ ਦੀ ਹਿੰਦੀ ਕਵਿਤਾ ‘ਚਾਰ ਕਊਏ ਚਾਰ ਹਊਏ’ ਦਾ ਪੰਜਾਬੀ ਅਨੁਵਾਦ ਸੁਣਾਉਂਦੇ ਹੋਏ ਮੌਜੂਦਾ ਸਮੇਂ ਵਿੱਚ ਹੋ ਰਹੀ ਰਾਜਨੀਤੀ 'ਤੇ ਤਨਜ਼ ਕੱਸਿਆ। ਐਡਵੋਕੇਟ ਕੰਵਲਜੀਤ ਸਿੰਘ ਨੇ ਆਪਣੀ ਕਵਿਤਾ ‘ਨਜ਼ਾਰੇ ਸੁੱਖ ਦੇ’ ਨਾਲ ਬੰਦੇ ਨੂੰ ਨੇਕੀ ਕਰਨ ਦਾ ਸਬਕ ਦਿੱਤਾ।
ਨੌਜਵਾਨ ਕਵੀਸ਼ਰ ਗੁਰਦਿੱਤ ਸਿੰਘ ਨੇ ਧਾਰਮਿਕ ਗੀਤ ‘ਬੰਦਗੀ’ ਸੁਣਾ ਕੇ ਮਾਹੌਲ ਹੋਰ ਖ਼ੁਸ਼ਗਵਾਰ ਬਣਾ ਦਿੱਤਾ। ਸ਼ਾਇਰ ਜਸ਼ਨਪ੍ਰੀਤ ਸਿੰਘ ਨੇ ਆਪਣੇ ਸ਼ੇਅਰ ਪੇਸ਼ ਕੀਤੇ। ਸਾਉਣ ਮਹੀਨਾ ਸਾਰਿਆਂ ਲਈ ਹੀ ਸੁਹਾਵਨਾ ਨਹੀਂ ਹੁੰਦਾ, ਕੁਝ ਲੋਕਾਂ ਲਈ ਇਹ ਮੁਸੀਬਤਾਂ ਦਾ ਮਹੀਨਾ ਵੀ ਹੁੰਦਾ ਹੈ । ਇਸੇ ਵਿਚਾਰ 'ਤੇ ਕੇਂਦਰਿਤ ਹਿੰਦੀ ਕਵਿਤਾ ‘ਵਰਖਾ ਦਾ ਅਰਥ’ ਦਾ ਪੰਜਾਬੀ ਅਨੁਵਾਦ ਸਭਾ ਦੇ ਜਨਰਲ ਸਕੱਤਰ ਗੁਰਜਿੰਦਰ ਸਿੰਘ ਬਡਾਣਾ ਨੇ ਪੇਸ਼ ਕੀਤਾ। ਇਸ ਮੌਕੇ ਭਾਈ ਸਪਿੰਦਰ ਸਿੰਘ, ਐਡਵੋਕੇਟ ਅਨਮੋਲ ਸਿੰਘ, ਗੁਰਮੀਤ ਸਿੰਘ, ਗੁਰਚਰਨ ਸਿੰਘ ਅਤੇ ਹੋਰ ਸਾਹਿਤ ਪ੍ਰੇਮੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।