ਪੰਜਾਬੀ ਸਾਹਿਤ ਸਭਾ ਵੱਲੋਂ ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਕਿਤਾਬ ‘ਭਾਂਖਰਪੁਰ ਕੀ ਬਾਤ’ ਰਿਲੀਜ਼
ਅਤਰ ਸਿੰਘ
ਡੇਰਾਬੱਸੀ, 29 ਜੂਨ
ਪੰਜਾਬੀ ਸਾਹਿਤ ਸਭਾ, ਡੇਰਾਬੱਸੀ ਵੱਲੋਂ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਲਾਇਬ੍ਰੇਰੀ, ਭਾਂਖਰਪੁਰ ਵਿੱਚ ਕਰਵਾਏ ਗਏ ਕਵੀ ਦਰਬਾਰ ਦੌਰਾਨ ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਨਵੀਂ ਕਿਤਾਬ ‘ਪੁਆਧ ਕੇ ਮਸ਼ਹੂਰ ਗਾਓਂ ਭਾਂਖਰਪੁਰ ਕੀ ਬਾਤ’ ਰਿਲੀਜ਼ ਕੀਤੀ ਗਈ।
ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜ਼ੈਲਦਾਰ ਸਿੰਘ ਹੱਸਮੁੱਖ ਨੇ ਕਿਹਾ ਕਿ ਗਿਆਨੀ ਧਰਮ ਸਿੰਘ ਭਾਂਖਰਪੁਰ ਨਾ ਸਿਰਫ਼ ਪੁਆਧ ਨਾਲ ਜੁੜੇ ਮਿਆਰੀ ਸਾਹਿਤ ਦੀ ਰਚਨਾ ਕਰ ਰਹੇ ਹਰ ਸਗੋਂ ਉਹ ਇਹ ਕੰਮ ਲਗਾਤਾਰ ਕਰ ਰਹੇ ਹਨ। ਉੱਘੇ ਕਵੀ ਅਤੇ ਆਲੋਚਕ ਜੈ ਪਾਲ ਨੇ ਕਿਹਾ ਕਿ ਇਸ ਕਿਤਾਬ ਵਿੱਚ ਨਾ ਸਿਰਫ਼ ਪਿੰਡ ਭਾਂਖਰਪੁਰ ਦਾ ਸਗੋਂ ਆਸ-ਪਾਸ ਦੇ ਇਲਾਕੇ ਦਾ ਇਤਿਹਾਸ ਵੀ ਸ਼ਾਮਲ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ। ਇਹ ਉਨ੍ਹਾਂ ਦੀ 16ਵੀਂ ਕਿਤਾਬ ਹੈ। ਇਸ ਮੌਕੇ ਗਿਆਨੀ ਧਰਮ ਸਿੰਘ ਭਾਂਖਰਪੁਰ ਆਪਣੀਆਂ ਕਵਿਤਾਵਾਂ ‘ਸਹੀ ਸਲਾਹ’ ਅਤੇ ‘ਲੰਬੀ ਨਜ਼ਰ’ ਨਾਲ ਸਰੋਤਿਆਂ ਦੇ ਰੂ-ਬਰੂ ਹੋਏ।
ਕਵੀ ਦਰਬਾਰ ਵਿੱਚ ਕਵੀ ਜਸਵੀਰ ਪਰਾਗਪੁਰੀ ਨੇ ਸਮਾਜਿਕ ਬੁਰਾਈ ਨਸ਼ਿਆਂ ਉੱਤੇ ਆਪਣੀ ਕਵਿਤਾ ‘ਨਸ਼ਾ-ਮੁਕਤ ਪੰਜਾਬ’ ਸੁਣਾਈ ਜਦਕਿ ਕਵੀ ਜੈ ਪਾਲ ਨੇ ਕਵਿਤਾ ‘ਤੀਸਰੀ ਮਾਫ਼ੀ’ ਨਾਲ ਹਾਜ਼ਰੀ ਲਗਵਾਈ। ਅਨਿਲ ਚੌਹਾਨ, ਜ਼ੈਲਦਾਰ ਸਿੰਘ ਹੱਸਮੁੱਖ ਨੇ ਗੀਤ ਸੁਣਾਏ ਜਦਕਿ ਐਡਵੋਕੇਟ ਕੰਵਲਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਆਧਾਰਿਤ ਕਵਿਤਾ ਸੁਣਾਈ। ਇਸ ਮੌਕੇ ਨਿਰਪੱਖ ਏਡ ਦੇ ਪ੍ਰਧਾਨ ਗੁਰਮੀਤ ਸਿੰਘ, ਪ੍ਰੋਫ਼ੈੱਸਰ ਰਵਿੰਦਰ ਸਿੰਘ, ਗੁਰਕਮਲ ਸਿੰਘ ਆਦਿ ਵੀ ਸ਼ਾਮਲ ਸਨ। ਸਭਾ ਦੇ ਜਨਰਲ ਸਕੱਤਰ ਗੁਰਜਿੰਦਰ ਸਿੰਘ ਬੜਾਣਾ ਨੇ ਸਟੇਜ ਦੀ ਕਾਰਵਾਈ ਚਲਾਈ।