ਪੰਜਾਬ ’ਵਰਸਿਟੀ ਕਾਨਵੋਕੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਸਾਬਕਾ ਜਸਟਿਸ ਆਦਰਸ਼ ਕੁਮਾਰ ਤੇ ਲੇਖਕ ਅਮਿਤਾਵ ਘੋਸ਼ ਨੂੰ ਮਿਲੇਗੀ ਆਨਰੇਰੀ ਡਿਗਰੀ; 13 ਦਸੰਬਰ ਨੂੰ ਹੋਵੇਗੀ ਕਾਨਵੋਕੇਸ਼ਨ
ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਸੀ ਪੀ ਰਾਧਾਕ੍ਰਿਸ਼ਨਨ ਨੇ ਆਨਰਿਸ ਕਾਜ਼ਾ ਡਿਗਰੀਆਂ ਤੇ ਪੀ ਯੂ ਰਤਨ ਪੁਰਸਕਾਰਾਂ ਵਾਸਤੇ ਨਾਮਾਂ ਦੀ ਪੁਸ਼ਟੀ ਕੀਤੀ ਹੈ, ਜੋ 13 ਦਸੰਬਰ ਨੂੰ ਹੋਣ ਵਾਲੇ 73ਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਦਿੱਤੇ ਜਾਣਗੇ।
ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਸੀਨੀਅਰ ਅਧਿਕਾਰੀਆਂ ਤੇ ਵੱਖ-ਵੱਖ ਕਮੇਟੀਆਂ ਦੇ ਚੇਅਰਪਰਸਨ ਨਾਲ ਅੱਜ ਮੀਟਿੰਗ ਕਰਕੇ ਕਾਨਵੋਕੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਮਾਰੋਹ ਦੀ ਪ੍ਰਧਾਨਗੀ ਅਤੇ ਮੁੱਖ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਸੁਪਰ-ਕੰਪਿਊਟਿੰਗ ਅਗਵਾਈਕਾਰ ਅਤੇ ਭਾਰਤ ਦੇ ਪਹਿਲੇ ਸੁਪਰ ਕੰਪਿਊਟਰ ‘ਪਰਮ’ ਦੇ ਰਚੇਤਾ ਡਾ. ਵਿਜੇ ਪੀ. ਭਾਟਕਰ, ਪ੍ਰਸਿੱਧ ਭੌਤਿਕ ਵਿਗਿਆਨੀ ਪ੍ਰੋ. ਕੇ ਐੱਨ ਪਾਠਕ, ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਪ੍ਰਸਿੱਧ ਲੇਖਕ ਡਾ. ਅਮਿਤਾਵ ਘੋਸ਼ ਨੂੰ ਆਰਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਜ਼ੋਹੋ ਕਾਰਪੋਰੇਸ਼ਨ ਦੇ ਸੰਸਥਾਪਕ ਅਤੇ ਪਦਮਸ੍ਰੀ ਡਾ. ਸ੍ਰੀਧਰ ਵੇਂਬੂ, ਰਸਾਇਣ ਵਿਗਿਆਨੀ ਪ੍ਰੋ. ਪ੍ਰਦੀਪ ਥਲੱਪਿਲ, ਓਲੰਪਿਕ ਤਮਗਾ ਜੇਤੂ ਅਤੇ ਪੀ ਯੂ ਦੇ ਸਾਬਕਾ ਵਿਦਿਆਰਥੀ ਸਰਬਜੋਤ ਸਿੰਘ ਅਤੇ ਕਵੀ-ਦਾਰਸ਼ਨਿਕ ਅਮਰਜੀਤ ਗਰੇਵਾਲ ਨੂੰ ਕ੍ਰਮਵਾਰ ਉਦਯੋਗ ਰਤਨ, ਵਿਗਿਆਨ ਰਤਨ, ਖੇਡ ਰਤਨ ਅਤੇ ਸਾਹਿਤ ਰਤਨ ਪੁਰਸਕਾਰ ਮਿਲਣਗੇ। ਪਦਮ ਭੂਸ਼ਣ ਸਨਮਾਨਿਤ ਡਾ. ਵਿਜੇ ਪੀ. ਭਾਟਕਰ ਨੂੰ ਰਾਸ਼ਟਰੀ ਸੁਪਰਕੰਪਿਊਟਿੰਗ, ਬਹੁਭਾਸ਼ੀ ਕੰਪਿਊਟਿੰਗ ਅਤੇ ਡਿਜ਼ੀਟਲ ਸਾਖਰਤਾ ਵਿੱਚ ਯੋਗਦਾਨ ਲਈ ਡਾਕਟਰ ਆਫ ਸਾਇੰਸ (ਆਨਰਿਸ ਕਾਜ਼ਾ) ਦੀ ਆਰਰੇਰੀ ਡਿਗਰੀ ਦਿੱਤੀ ਜਾਵੇਗੀ। ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਕੇ ਐੱਨ ਪਾਠਕ ਨੂੰ ਡਾਕਟਰ ਆਫ ਸਾਇੰਸ (ਆਨਰਿਸ ਕਾਜ਼ਾ), ਜਸਟਿਸ ਆਦਰਸ਼ ਕੁਮਾਰ ਗੋਇਲ ਨੂੰ ਡਾਕਟਰ ਆਫ ਲਾਜ਼ (ਆਨਰਿਸ ਕਾਜ਼ਾ) ਦੀ ਮਾਨਦ ਡਿਗਰੀ ਦਿੱਤੀ ਜਾਵੇਗੀ। ਗਿਆਨਪੀਠ ਅਤੇ ਪਦਮਸ਼੍ਰੀ ਸਨਮਾਨਿਤ ਲੇਖਕ ਡਾ. ਅਮਿਤਾਵ ਘੋਸ਼ ਨੂੰ ਡਾਕਟਰ ਆਫ ਲਿਟਰੇਚਰ (ਆਨਰਿਸ ਕਾਜ਼ਾ) ਨਾਲ ਨਵਾਜਿਆ ਜਾਵੇਗਾ। ਪੀ ਯੂ ਰਤਨ ਪੁਰਸਕਾਰਾਂ ਵਿੱਚ ਜ਼ੋਹੋ ਕਾਰਪੋਰੇਸ਼ਨ ਦੇ ਸੰਸਥਾਪਕ ਤੇ ਪਦਮਸ੍ਰੀ ਸਨਮਾਨਿਤ ਡਾ. ਸ੍ਰੀਧਰ ਵੇਂਬੂ ਨੂੰ ਉਦਯੋਗ ਰਤਨ, ਪ੍ਰਮੁੱਖ ਰਸਾਇਣ ਵਿਗਿਆਨੀ ਅਤੇ ਆਈ ਆਈ ਟੀ ਮਦਰਾਸ ਦੇ ਦੀਪਕ ਪਾਰੇਖ ਚੇਅਰ ਪ੍ਰੋਫੈਸਰ ਪ੍ਰੋ. ਪ੍ਰਦੀਪ ਥਲੱਪਿਲ ਨੂੰ ਵਿਗਿਆਨ ਰਤਨ, ਪੈਰਿਸ 2024 ਓਲੰਪਿਕ ਦੇ ਤਮਗਾ ਜੇਤੂ ਅਤੇ 10 ਮੀਟਰ ਏਅਰ ਪਿਸਟਲ ਵਿੱਚ ਅੰਤਰਰਾਸ਼ਟਰੀ ਸਫਲਤਾਵਾਂ ਹਾਸਲ ਕਰਨ ਵਾਲੇ ਸਰਬਜੋਤ ਸਿੰਘ ਨੂੰ ਖੇਡ ਰਤਨ ਮਿਲੇਗਾ। ਲੇਖਕ ਅਤੇ ਦਾਰਸ਼ਨਿਕ ਅਮਰਜੀਤ ਗਰੇਵਾਲ ਨੂੰ ਭਾਸ਼ਾ, ਨੈਤਿਕਤਾ ਅਤੇ ਸਭਿਆਚਾਰਕ ਚਿੰਤਨ ’ਤੇ ਕੰਮ ਲਈ ਸਾਹਿਤ ਰਤਨ ਲਈ ਚੁਣਿਆ ਗਿਆ ਹੈ।

