ਮੁਹਾਲੀ ਵਿੱਚ ‘ਪੰਜਾਬ ਸੜਕ ਸਫ਼ਾਈ ਮਿਸ਼ਨ’ ਦੀ ਸ਼ੁਰੂਆਤ
ਪੰਜਾਬ ਰੋਡ ਕਲੀਨਲੀਨੈੱਸ ਮਿਸ਼ਨ ਵਿੱਚ ਜ਼ਿਲ੍ਹੇ ਲਈ ਸ਼ਾਮਲ ਅਧਿਕਾਰੀਆਂ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਨੂੰ ਸਾਫ਼, ਪ੍ਰਕਾਸ਼ਮਾਨ (ਸਟ੍ਰੀਟ ਲਾਈਟਾਂ) ਅਤੇ ਚੰਗਾ ਰੱਖ-ਰਖਾਅ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਤਹਿਤ ਕਲਾਸ-1 ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪ ਕੇ ਸਬੰਧਤ ਸੜਕ ਦੇ ਰੱਖ-ਰਖਾਅ, ਸਫ਼ਾਈ ਅਤੇ ਨਾਗਰਿਕ ਬੁਨਿਆਦੀ ਢਾਂਚੇ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਡੀਸੀ ਨੇ ਅਧਿਕਾਰੀਆਂ ਨੂੰ ਨਿਰਧਾਰਤ ਸੜਕੀ ਟੋਟਿਆਂ ਦਾ ਹਫ਼ਤੇ ਵਿੱਚ ਦੋ ਵਾਰ ਨਿਰੀਖਣ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਸਮੇਂ ਸਿਰ ਟੋਇਆਂ ਦੀ ਮੁਰੰਮਤ, ਸਾਫ਼ ਅਤੇ ਦਿਖਾਈ ਦੇਣ ਵਾਲੇ ਆਵਾਜਾਈ ਚਿੰਨ੍ਹਾਂ ਦੇ ਨਿਸ਼ਾਨ, ਸੁਰੱਖਿਅਤ ਅਤੇ ਪਹੁੰਚਯੋਗ ਫੁੱਟਪਾਥ, ਕਾਰਜਸ਼ੀਲ ਸਟਰੀਟ ਲਾਈਟਾਂ, ਨਿਯਮਿਤ ਕੂੜਾ ਇਕੱਠਾ ਕਰਵਾਉਣ ਅਤੇ ਸੈਨੀਟੇਸ਼ਨ ਅਤੇ ਆਮ ਸਫ਼ਾਈ ਅਤੇ ਨਾਗਰਿਕ ਦੇਖਭਾਲ ਨੂੰ ਯਕੀਨੀ ਬਣਾਉਣ।
ਜਿਹੜੇ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਨੇ ਸੜਕਾਂ
ਜਿਨ੍ਹਾਂ ਅਧਿਕਾਰੀਆਂ ਨੂੰ ਸੜਕਾਂ ਸੌਂਪੀਆਂ ਗਈਆਂ ਹਨ, ਉਨ੍ਹਾਂ ਵਿੱਚ ਸੀ ਏ ਗਮਾਡਾ, ਕਮਿਸ਼ਨਰ ਨਗਰ ਨਿਗਮ, ਏਡੀਸੀ (ਜੀ), ਏਡੀਸੀ (ਆਰ ਡੀ), ਖਰੜ, ਮੁਹਾਲੀ ਅਤੇ ਡੇਰਾਬੱਸੀ ਦੇ ਐੱਸਡੀਐੱਮ, ਗਮਾਡਾ ਅਸਟੇਟ ਅਫ਼ਸਰ (ਹਾਊਸਿੰਗ) ਅਤੇ (ਪਲਾਟ), ਗਮਾਡਾ ਦੇ ਤਿੰਨੋਂ ਏਸੀਏ (ਵਧੀਕ ਮੁੱਖ ਪ੍ਰਸ਼ਾਸਕ), ਭੂਮੀ ਪ੍ਰਾਪਤੀ ਅਧਿਕਾਰੀ ਗਮਾਡਾ, ਡੀਸੀ ਦਫ਼ਤਰ ਦੇ ਸਹਾਇਕ ਕਮਿਸ਼ਨਰ (ਜ), ਮੁੱਖ ਇੰਜੀਨੀਅਰ ਗਮਾਡਾ, ਮੁੱਖ ਇੰਜਨੀਅਰ ਐੱਮਸੀ ਮੁਹਾਲੀ ਅਤੇ ਨਿਗਰਾਨ ਇੰਜਨੀਅਰ ਗਮਾਡਾ ਸ਼ਾਮਲ ਹਨ।