ਬਦਲ ਗਿਆ ਪੰਜਾਬ ਰਾਜਭਵਨ ਦਾ ਨਾਮ; ਹੁਣ ‘ਲੋਕ ਭਵਨ ਪੰਜਾਬ’ ਵਜੋਂ ਜਾਣਿਆ ਜਾਵੇਗਾ
ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਹੋਇਆ ਨੋਟੀਫਿਕੇਸ਼ਨ
ਪੰਜਾਬ ਰਾਜ ਭਵਨ ਨੂੰ ਹੁਣ ਤੋਂ ਲੋਕ ਭਵਨ ਪੰਜਾਬ ਦੇ ਨਾਮ ਨਾਲ ਜਾਣਿਆ ਜਾਵੇਗਾ। ਗ੍ਰਹਿ ਮਾਮਲਿਆਂ ਦੇ ਮੰਤਰਾਲੇ (Ministry of Home Affairs) ਵੱਲੋਂ ਪੰਜਾਬ ਰਾਜ ਭਵਨ ਨੂੰ ਨਾਮ ਬਦਲਣ ਬਾਰੇ 25 ਨਵੰਬਰ 2025 ਨੂੰ ਪੱਤਰ ਪ੍ਰਾਪਤ ਹੋਇਆ ਸੀ। ਪ੍ਰਿੰਸੀਪਲ ਸਕੱਤਰ ਟੂ ਗਵਰਨਰ ਪੰਜਾਬ, ਵਿਵੇਕ ਪ੍ਰਤਾਪ ਸਿੰਘ ਵੱਲੋਂ ਇਸ ਸਬੰਧ ਵਿੱਚ ਵੀਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੀਰਵਾਰ ਸ਼ਾਮ ਨੂੰ ਪੰਜਾਬ ਰਾਜ ਭਵਨ ਵਿਖੇ ਕਰਵਾਏ ਕਈ ਰਾਜਾਂ ਦੇ ਸਥਾਪਨਾ ਦਿਵਸ ਸਮਾਗਮ ਵਿੱਚ ਵੀ ਮਹਿਮਾਨਾਂ ਨੂੰ ਇਸ ਬਦਲਾਅ ਬਾਰੇ ਜਾਣਕਾਰੀ ਦਿੱਤੀ ਸੀ।
ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਿਵਾਸ ਸਮੇਤ ਕੁਝ ਹੋਰ ਰਿਹਾਇਸ਼ਾਂ ਦੇ ਨਾਮ ਬਦਲਣ ਦਾ ਫੈਸਲਾ ਲਿਆ ਗਿਆ ਹੈ। ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਪੰਜਾਬ ਰਾਜ ਭਵਨ ਨੂੰ ਲੋਕ ਭਵਨ ਪੰਜਾਬ ਨਾਮ ਦਿੱਤਾ ਗਿਆ ਹੈ।
ਵੀਰਵਾਰ ਸ਼ਾਮ ਨੂੰ ਲੋਕ ਭਵਨ ਪੰਜਾਬ, ਚੰਡੀਗੜ੍ਹ ਵਿਖੇ “ਇੱਕ ਭਾਰਤ, ਸ੍ਰੇਸ਼ਟ ਭਾਰਤ” ਪਹਿਲਕਦਮੀ ਤਹਿਤ ਉੱਤਰਾਖੰਡ, ਝਾਰਖੰਡ, ਅਸਾਮ ਅਤੇ ਨਾਗਾਲੈਂਡ ਦਾ ਸਥਾਪਨਾ ਦਿਵਸ ਮਨਾਇਆ ਗਿਆ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੇਸ਼ ਭਰ ਵਿੱਚ ਰਾਜ ਭਵਨ ਤੋਂ ਲੋਕ ਭਵਨ ਵਿੱਚ ਹੋ ਰਹੇ ਬਦਲਾਅ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਅਜਿਹਾ ਨਾਮਕਰਨ ਭਾਰਤ ਦੀ ਲੋਕਤੰਤਰੀ ਭਾਵਨਾ ਅਤੇ ਜਨਤਾ ਦੀ ਭਾਗੀਦਾਰੀ ਦੀ ਆਤਮਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਸਰਦਾਰ ਵੱਲਭਭਾਈ ਪਟੇਲ ਦੀਆਂ 562 ਰਿਆਸਤਾਂ ਦੇ ਏਕੀਕਰਨ ਅਤੇ ਭਾਰਤ ਨੂੰ ਵੰਡਣ ਦੀਆਂ ਬਸਤੀਵਾਦੀ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਉਨ੍ਹਾਂ ਦੀ ਇਤਿਹਾਸਕ ਭੂਮਿਕਾ ਨੂੰ ਯਾਦ ਕੀਤਾ। ਸਮਾਗਮ ਦੌਰਾਨ ਉੱਤਰਾਖੰਡ, ਝਾਰਖੰਡ, ਅਸਾਮ ਅਤੇ ਨਾਗਾਲੈਂਡ ਦੇ ਰਾਜਪਾਲਾਂ ਦੇ ਵੀਡੀਓ ਸੰਦੇਸ਼ ਵੀ ਸਾਂਝੇ ਕੀਤੇ ਗਏ।

