ਮੁਹਾਲੀ ’ਚ ਗਰਜੇ ਪੰਜਾਬ ਦੇ ਪੈਨਸ਼ਨਰ
ਵਿੱਤ ਮੰਤਰੀ ਨਾਲ ਮੀਟਿੰਗ ਤੈਅ ਹੋਣ ਮਗਰੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਮੁਲਤਵੀ
ਪੰਜਾਬ ਰਾਜ ਪੈਨਸ਼ਨਰਜ਼ ਮਹਾ ਸੰਘ ਅਤੇ ਸਹਿਯੋਗੀ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ਦੇ ਸੈਂਕੜੇ ਪੈਨਸ਼ਨਰਾਂ ਨੇ ਅੱਜ ਇਥੇ ਫੇਜ਼-8 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨੇੜਲੇ ਚੌਕ ’ਚ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਸ਼ਾਸਨ ਨੇ ਪੈਨਸ਼ਨਰਾਂ ਦੀ 27 ਅਕਤੂਬਰ ਨੂੰ ਪੰਜਾਬ ਦੇ ਵਿੱਤ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਦਿੱਤੀ, ਜਿਸ ਮਗਰੋਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ। ਮਹਾ ਸੰਘ ਦੇ ਪ੍ਰਧਾਨ ਐੱਨ ਕੇ ਕਲਸੀ ਅਤੇ ਹੋਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 27 ਅਕਤੂਬਰ ਤੋਂ ਬਾਅਦ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਸਰਕਾਰ ਬਜ਼ੁਰਗਾਂ ਨੂੰ ਮਾਣ-ਸਤਿਕਾਰ ਦੇਣ ਦਾ ਡਰਾਮਾ ਕਰ ਰਹੀ ਹੈ। ਸਾਢੇ 3 ਸਾਲਾਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪੱਲੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਪਿਆ, ਜਦਕਿ ਯੂ ਟੀ ਚੰਡੀਗੜ੍ਹ ਸਣੇ ਕਈ ਰਾਜ ਸਰਕਾਰਾਂ ਤੇ ਕੇਂਦਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਡੀ ਏ 58 ਫ਼ੀਸਦੀ ਕਰ ਦਿੱਤਾ ਹੈ।
ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ 42 ਫ਼ੀਸਦੀ ਨਾਲ ਹੀ ਸਬਰ ਕਰੀ ਬੈਠੇ ਹਨ। ਉਨ੍ਹਾਂ ਡੀ ਏ ਦੀਆਂ ਬਕਾਇਆ ਦੇਣ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਵੀ ਕੀਤੀ।