Punjab News: ਚਮਕੌਰ ਸਾਹਿਬ ਦੇ ਹਸਪਤਾਲ ਦੀ ਨਵੀਂ ਇਮਾਰਤ ਦਾ ਕੰਮ ਸ਼ੁਰੂ
ਸੰਜੀਵ ਬੱਬੀ
ਚਮਕੌਰ ਸਾਹਿਬ, 22 ਜੂਨ
ਪੰਜਾਬ ਸਰਕਾਰ ਵੱਲੋਂ ਚਮਕੌਰ ਸਾਹਿਬ ਦੀ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਇਸ ਕਸਬੇ ਨੂੰ ਨਗਰ ਕੌਂਸਲ ਦਾ ਦਰਜਾ ਦਿੱਤਾ ਗਿਆ ਹੈ, ਉੱਥੇ ਹੀ ਇੱਥੋਂ ਦੇ 10 ਬੈੱਡਾਂ ਵਾਲੇ ਸਰਕਾਰੀ ਸਿਵਲ ਹਸਪਤਾਲ ਨੂੰ 14 ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ 50 ਬੈੱਡਾਂ ਦੇ ਸਬ ਡਿਵੀਜ਼ਨਲ ਹਸਪਤਾਲ ਵਿੱਚ ਅਪਗ੍ਰੇਡ ਕੀਤਾ ਗਿਆ, ਜਿਸ ਨਾਲ ਚਮਕੌਰ ਸਾਹਿਬ ਅਤੇ ਆਸਪਾਸ ਦੇ ਪਿੰਡਾਂ ਦੀ ਨਗਰ ਕੌਂਸਲ ਅਧੀਨ ਆਉਂਦੀ ਲਗਭਗ 22 ਹਜ਼ਾਰ ਦੀ ਅਬਾਦੀ ਨੂੰ ਹੋਰ ਬੇਹਤਰੀਨ ਸਿਹਤ ਸਹੂਲਤ ਮੁਹੱਈਆ ਕਰਵਾਈਆਂ ਜਾਣਗੀਆਂ, ਉੱਥੇ ਹੀ ਨਵੀ ਬਣੀ ਇਮਾਰਤ ਵਿੱਚ ਡਾਕਟਰਾਂ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੋ ਮੰਜ਼ਿਲਾਂ ਸਬ ਡਿਵੀਜ਼ਨਲ ਹਸਪਤਾਲ ਦੀ ਨਵੀਂ ਬਣੀ ਇਮਾਰਤ ਵਿੱਚ ਐਂਮਰਜੈਂਸੀ ਸੇਵਾਵਾਂ, ਲੇਬਰ ਰੂਮ, ਅਪਰੇਸ਼ਨ ਥੀਏਟਰ, ਡਾਕਟਰਾਂ ਦੇ ਓ.ਪੀ.ਡੀ ਕਮਰੇ, ਐਕਸ-ਰੇ ਰੂਮ, ਆਈ.ਸੀ.ਟੀ.ਸੀ ਲੈਬ, ਲੈਬੋਰੇਟਰੀ, ਪਰਿਵਾਰ ਨਿਯੋਜਨ, ਟੀਕਾਕਰਨ ਰੂਮ, ਕੋਲਡ ਚੇਨ ਪੁਆਇੰਟ, ਨਰਸਿੰਗ ਸਟੇਸ਼ਨ, ਮਰੀਜ਼ਾਂ ਲਈ ਵਾਰਡ, ਟ੍ਰੇਨਿੰਗ ਮੀਟਿੰਗ ਹਾਲ, ਐਸ.ਐਮ.ਓ ਦਫ਼ਤਰ, ਸੈਂਪਲ ਕਲੈਕਸ਼ਨ ਰੂਮ, ਮਾਈਨਰ ਓ.ਟੀ, ਰਜਿਸਟ੍ਰੇਸ਼ਨ ਕਾਊਂਟਰ, ਦਵਾਈਆਂ, ਈ.ਸੀ.ਜੀ ਰੂਮ, ਮੋਰਚਰੀ ਅਤੇ ਪਾਰਕਿੰਗ ਏਰੀਆ ਆਦਿ ਸਥਾਪਿਤ ਕੀਤੇ ਗਏ ਹਨ। ਉਕਤ ਹਸਪਤਾਲ ਵਿੱਚ ਬੈੱਡਾਂ ਦੀ ਗਿਣਤੀ 50 ਹੋਣ ਕਾਰਨ ਜਿੱਥੇ ਵੱਖ - ਵੱਖ ਤਰਾਂ ਦੇ ਮਾਹਿਰ ਡਾਕਟਰਾਂ ਦੀਆਂ ਵਾਧੂ ਅਸਾਮੀਆਂ ਮਿਲਣਗੀਆਂ, ਉੱਥੇ ਹੀ ਮੋਰਚਰੀ ਸਥਾਪਿਤ ਹੋਣ ਨਾਲ ਭਵਿੱਖ ਵਿੱਚ ਪੋਸਟ ਮਾਰਟਮ ਵੀ ਇੱਥੇ ਹੀ ਹੋਣਗੇ, ਉੱਥੇ ਹੀ ਇਲਾਕੇ ਦੇ ਲੋਕਾਂ ਦਾ ਆਸ ਪਾਸ ਦੇ ਸ਼ਹਿਰਾਂ ਵਿੱਚ ਸਥਿਤ ਨਿੱਜੀ ਹਸਪਤਾਲਾਂ ਦੇ ਮਹਿੰਗੇ ਇਲਾਜ ਤੋਂ ਖਹਿੜਾ ਵੀ ਛੁੱਟੇਗਾ। ਪੰਜਾਬ ਸਰਕਾਰ ਵੱਲੋਂ ਹਸਪਤਾਲ ਨੂੰ ਅਤਿਆਧੁਨਿਕ ਮਸ਼ੀਨਰੀ ਤੇ ਸਾਜ਼ੋ ਸਮਾਨ ਨਾਲ ਲੈਸ ਕਰਕੇ ਡਾਕਟਰਾਂ ਦੀਆਂ ਵਾਧੂ ਅਸਾਮੀਆਂ ਵੀ ਦਿੱਤੀਆਂ ਜਾਣਗੀਆਂ । ਜ਼ਿਕਰਯੋਗ ਹੈ ਕਿ ਉਕਤ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 23 ਅਕਤੂਬਰ 2021 ਨੂੰ ਰੱਖਿਆ ਗਿਆ ਸੀ ।