ਸੰਜੀਵ ਬੱਬੀ
ਚਮਕੌਰ ਸਾਹਿਬ, 3 ਜੁਲਾਈ
ਪਿੰਡ ਭੋਜੇਮਾਜਰਾ ਭਲਿਆਣ ਸੜਕ ’ਤੇ ਅੱਜ ਸਵੇਰੇ ਸਕੂਟਰੀ ਨਾਲ ਆਵਾਰਾ ਕੁੱਤਾ ਟਕਰਾ ਗਿਆ ਜਿਸ ਕਾਰਨ ਇਸ ’ਤੇ ਸਵਾਰ ਤਿੰਨ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਦੋ ਔਰਤਾਂ ਸ਼ਾਮਲ ਹੈ। ਚੇਅਰਮੈਨ ਪਰਮਜੀਤ ਸਿੰਘ ਖੇੜੀ ਨੇ ਦੱਸਿਆ ਕਿ ਉਕਤ ਤਿੰਨੋ ਜਣੇ ਉਨ੍ਹਾਂ ਦੇ ਅੱਗੇ ਜਾ ਰਹੇ ਸਨ ਤਾਂ ਅਚਾਨਕ ਹੀ ਸਕੂਟਰੀ ਸਾਹਮਣੇ ਆਵਾਰਾ ਕੁੱਤਾ ਆ ਗਿਆ, ਜਿਸ ਕਰਨ ਇਹ ਤਿੰਨੋ ਜਣੇ ਸੜਕ ਕਿਨਾਰੇ ਜਾ ਡਿੱਗੇ ਅਤੇ ਜਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਪਿੰਡ ਭੋਜੇਮਾਜਰਾ ਦੇ ਵਾਸੀਆਂ ਵਜੋਂ ਹੋਈ ਹੈ। ਇਸ ਦੌਰਾਨ ਸਕੂਟਰੀ ਬਲਦੇਵ ਸਿੰਘ ਚਲਾ ਰਿਹਾ ਸੀ ਅਤੇ ਪਿੱਛੇ ਰਾਜਵਿੰਦਰ ਕੌਰ ਅਤੇ ਜਸਵੀਰ ਕੌਰ ਬੈਠੀਆਂ ਸਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਭੇਜਿਆ ਗਿਆ, ਜਿੱਥੋਂ ਡਾਕਟਰਾਂ ਵੱਲੋਂ ਰਾਜਵਿੰਦਰ ਕੌਰ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੌਣਾ ਘੰਟਾ ਨਾ ਤਾਂ ਐਬੂਲੈਂਸ ਆਈ ਅਤੇ ਨਾ ਹੀ ਮੌਕੇ ਤੇ ਪੁਲੀਸ ਮੁਲਾਜ਼ਮ ਪਹੁੰਚੇ ਪਰ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਮੇਂ ਸਿਰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਦਾਖ਼ਲ ਕਰਵਾਇਆ ਗਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਕੀਤੀ ਜਾਵੇ ਕਿਉਂਕਿ ਇਨ੍ਹਾਂ ਕਾਰਨ ਕਈ ਹਾਦਸੇ ਵਾਪਰ ਰਹੇ ਹਨ।