Punjab News: ਸ਼੍ਰੋਮਣੀ ਅਕਾਲੀ ਦਲ ਨੇ ਸੱਦੀ Working Committee ਦੀ ਮੀਟਿੰਗ, ਸੁਖਬੀਰ ਦੇ ਫ਼ੈਸਲੇ ’ਤੇ ਹੋਵੇਗੀ ਵਿਚਾਰ
SAD panel to meet on Jan 10 to consider Sukhbir’s resignation
ਪਾਰਟੀ ਦੀ ਭਰਤੀ ਮੁਹਿੰਮ ਸਮੇਤ ਜਥੇਬੰਦਕ ਢਾਂਚੇ ਦੇ ਪੁਨਰਗਠਨ ਬਾਰੇ ਵੀ ਲਿਆ ਜਾਵੇਗਾ ਫ਼ੈਸਲਾ
ਆਤਿਸ਼ ਗੁਪਤਾ
ਚੰਡੀਗੜ੍ਹ, 8 ਜਨਵਰੀ
Punjab News: ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਸੱਦ ਲਈ ਹੈ। ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਅਤੇ ਪਾਰਟੀ ਦੀ ਭਰਤੀ ਮੁਹਿੰਮ ਸਮੇਤ ਜਥੇਬੰਦਕ ਢਾਂਚੇ ਦੇ ਪੁਨਰਗਠਨ ਬਾਰੇ ਫ਼ੈਸਲਾ ਲਿਆ ਜਾਵੇਗਾ।
ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ ਹੈ। ਡਾ. ਚੀਮਾ ਨੇ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਵਿਚ ਹੋਵੇਗੀ।
ਇਸ ਦੌਰਾਨ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਵਰਕਿੰਗ ਕਮੇਟੀ ਵੱਲੋਂ ਇਸ ਮੀਟਿੰਗ ਵਿਚ ਸ੍ਰੀ ਬਾਦਲ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾ ਸਕਦਾ ਹੈ। ਗ਼ੌਰਤਲਬ ਹੈ ਕਿ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਨਾ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਦਲ ਅਤੇ ਸ੍ਰੀ ਬਾਦਲ ਉਤੇ ਪਹਿਲਾਂ ਹੀ ਵੱਡੇ ਪੱਧਰ ’ਤੇ ਸਵਾਲ ਉਠ ਰਹੇ ਹਨ।