Punjab News: ਮੋਬਾਈਲ ਕੰਪਨੀ ਦਾ ਟਾਵਰ ਖੋਲ੍ਹ ਰਹੇ ਵਿਅਕਤੀ ਦੀ ਡਿੱਗਣ ਕਾਰਨ ਮੌਤ
ਮੇਰਠ ਤੋਂ ਚਾਰ ਵਿਅਕਤੀ ਆਏ ਸਨ Airtel ਕੰਪਨੀ ਦਾ ਟਾਵਾਰ ਖੋਲ੍ਹਣ; ਟਾਵਰ ਖੋਲ੍ਹਦੇ ਸਮੇਂ ਪਲੈਟਫਾਰਮ ਦਾ ਬੋਲਟ ਟੁੱਟਣ ਕਾਰਨ ਵਾਪਰਿਆ ਹਾਦਸਾ
ਜਗਮੋਹਨ ਸਿੰਘ
ਘਨੌਲੀ, 12 ਫਰਵਰੀ
ਇੱਥੇ ਘਨੌਲੀ ਵਿਖੇ ਬੁੱਧਵਾਰ ਨੂੰ ਏਅਰਟੈਲ (Airtel) ਕੰਪਨੀ ਦੇ ਟਾਵਰ ਤੋਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੇਰਠ ਤੋਂ ਆਏ ਸ਼ਾਨੇ ਆਲਮ (32) ਪੁੱਤਰ ਸ਼ਹਿਜ਼ਾਦ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮੇਰਠ ਤੋਂ ਆਏ ਚਾਰ ਵਿਅਕਤੀ ਘਨੌਲੀ ਵਿਖੇ ਲੱਗਿਆ ਏਅਰਟੈੱਲ ਕੰਪਨੀ ਦਾ ਟਾਵਰ ਖੋਲ੍ਹ ਰਹੇ ਸਨ। ਇਸ ਦੌਰਾਨ ਸ਼ਾਨੇ ਆਲਮ ਟਾਵਰ ਉਤੇ ਚੜ੍ਹ ਕੇ ਕੰਮ ਕਰ ਰਿਹਾ ਸੀ ਤੇ ਜਿਸ ਪਲੈਟਫਾਰਮ ਨੂੰ ਉਸ ਨੇ ਸੇਫਟੀ ਬੈਲਟ ਦੀ ਹੁੱਕ ਪਾਈ ਹੋਈ ਸੀ, ਉਸ ਪਲੈਟਫਾਰਮ ਦਾ ਬੋਲਟ ਅਚਾਨਕ ਟੁੱਟ ਗਿਆ।
ਇਸ ਕਾਰਨ ਸ਼ਾਨੇ ਆਲਮ ਟਾਵਰ ਤੋਂ ਹੇਠਾਂ ਡਿੱਗ ਗਿਆ ਤੇ ਉਸ ਉੱਤੇ ਲੋਹੇ ਦਾ ਭਾਰੀ ਪਲੈਟਫਾਰਮ ਡਿੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਉਸ ਨੂੰ ਜ਼ਖ਼ਮੀ ਹਾਲਤ ਵਿਚ ਉਸ ਦੇ ਸਾਥੀਆਂ ਨੇ ਸਾਂਘਾ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਘਨੌਲੀ ਪੁਲੀਸ ਵੱਲੋਂ ਮ੍ਰਿਤਕ ਦੀ ਦੇਹ ਨੂੰ ਸਰਕਾਰੀ ਹਸਪਤਾਲ ਰੂਪਨਗਰ ਦੇ ਮੁਰਦਾਖ਼ਾਨੇ ਵਿੱਚ ਰਖਵਾ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।