Punjab News - Big Breaking: ਤਹਿਸੀਲਦਾਰਾਂ ਨੇ ਵਾਪਸ ਲਈ ਹੜਤਾਲ
ਕਿਸਾਨੀ ਧਰਨੇ ਕਰਕੇ ਅਮਨ ਕਾਨੂੰਨ ਦੀ ਸਥਿਤੀ ਦੇ ਹਵਾਲੇ ਨਾਲ ਕੰਮ ’ਤੇ ਪਰਤਣ ਲਈ ਰਾਜ਼ੀ ਹੋਏ ਤਹਿਸੀਲਦਾਰ; ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਰਕਾਰ ਵੱਲੋਂ ਮਸਲਿਆਂ ਦੇ ਛੇਤੀ ਹੱਲ ਦਾ ਭਰੋਸਾ ਮਿਲਣ ਦਾ ਕੀਤਾ ਦਾਅਵਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਮਾਰਚ
Punjab News - Big Breaking: ਆਪਣੀਆਂ ਮੰਗਾਂ ਦੀ ਪੂਰਤੀ ਲਈ ਸੋਮਵਾਰ ਤੋਂ ਸਮੂਹਿਕ ਛੁੱਟੀ ਲੈ ਕੇ ਰਾਜ ਵਿਆਪੀ ਹੜਤਾਲ 'ਤੇ ਚੱਲ ਰਹੇ ਪੰਜਾਬ ਭਰ ਦੇ ਤਹਿਸੀਲਦਾਰਾਂ ਵੱਲੋਂ ਅੱਜ ਆਪਣੀ ਹੜਤਾਲ ਵਾਪਸ ਲੈ ਲਈ ਗਈ ਹੈ। ਯਾਦ ਰਹੇ ਕਿ ਸੋਮਵਾਰ ਤੋਂ ਸਾਰੇ ਤਹਿਸੀਲਦਾਰਾਂ ਨੇ ਸਮੂਹਿਕ ਛੁੱਟੀ ਲੈ ਲਈ ਸੀ।
ਇਸ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਏ ਗਏ ਸਖ਼ਤ ਐਕਸ਼ਨ ਦੌਰਾਨ ਪਹਿਲਾਂ ਜਿੱਥੇ ਮਾਲ ਵਿਭਾਗ ਨਾਲ ਸਬੰਧਤ ਰਜਿਸਟਰੀਆਂ ਕਰਵਾਉਣ ਲਈ ਹੋਰਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ, ਉੱਥੇ ਹੀ ਕਈ ਤਹਿਸੀਲਦਾਰ ਮੁਅੱਤਲ ਵੀ ਕਰ ਦਿੱਤੇ ਗਏ। ਫਿਰ ਅੱਜ ਵੱਡੇ ਪੱਧਰ 'ਤੇ ਤਹਿਸੀਲਦਾਰਾਂ ਦੇ ਇਧਰ ਉਧਰ ਤਬਾਦਲੇ ਕੀਤੇ ਗਏ ਹਨ।
ਇਸ ਦੌਰਾਨ ਦੇਖਣ ਵਿੱਚ ਆਇਆ ਕਿ ਮੁੱਖ ਤੌਰ 'ਤੇ ਜਿਹੜੇ ਤਹਸੀਲਦਾਰ ਚੰਗੀਆਂ ਥਾਵਾਂ 'ਤੇ ਲੱਗੇ ਸਨ, ਉਨ੍ਹਾਂ ਨੂੰ ਮਾੜੀਆਂ ਜਾਂ ਸਧਾਰਨ ਥਾਵਾਂ 'ਤੇ ਲਾਇਆ ਗਿਆ ਹੈ, ਜਦਕਿ ਮਾੜੀਆਂ ਥਾਵਾਂ ਵਾਲਿਆਂ ਨੂੰ ਵਧੀਆ ਸਟੇਸ਼ਨ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਬਦਲੀਆਂ ਵੀ ਦੂਰ-ਦੁਰਾਡੇ ਕੀਤੀਆਂ ਗਈਆਂ ਹਨ।
ਇਸੇ ਦੌਰਾਨ ਤਹਿਸੀਲਦਾਰਾਂ ਦੇ ਬਣੇ ਇੱਕ ਵਟਸਐਪ ਗਰੁੱਪ 'ਚ 'ਪੰਜਾਬ ਰੈਵਿਨਿਊ ਅਫ਼ਸਰ ਐਸੋਸੀਏਸ਼ਨ ਪੰਜਾਬ' ਦੇ ਸੂਬਾਈ ਪ੍ਰਧਾਨ ਲਛਮਣ ਸਿੰਘ ਰੰਧਾਵਾ ਨੇ ਸੁਨੇਹਾ ਪਾ ਕੇ ਸਾਥੀ ਤਹਿਸੀਲਦਾਰਾਂ ਨੂੰ ਸੂਚਿਤ ਕੀਤਾ ਹੈ ਕਿ ਕਿਸਾਨਾਂ ਦੇ ਧਰਨਿਆਂ ਕਾਰਨ ਬਣੀ ਅਮਨ ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਸੁਨੇਹੇ ਆ ਰਹੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਸਮੂਹਿਕ ਛੁੱਟੀ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ:
Punjab News – Transfers of Revenue Officers: ਪੰਜਾਬ ਸਰਕਾਰ ਵੱਲੋਂ ਮਾਲ ਅਧਿਕਾਰੀਆਂ ਦੇ ਵਿਆਪਕ ਤਬਾਦਲੇ
Revenue Officers Strike: ਤਹਿਸੀਲਦਾਰਾਂ ਵੱਲੋਂ ਰਜਿਸਟਰੀਆਂ ਦਾ ਕੰਮ ਠੱਪ, ਅਦਾਲਤੀ ਕੰਮ ਜਾਰੀ
ਮੁੱਖ ਮੰਤਰੀ ਦੀ ਘੁਰਕੀ ਮਗਰੋਂ ਕਈ ਤਹਿਸੀਲਦਾਰ ਕੰਮ ’ਤੇ ਪਰਤੇ
ਇਹ ਹੂਬਹੂ ਵਟਸਐਪ ਸੁਨੇਹਾ ਇਸ ਤਰ੍ਹਾਂ ਹੈ: ''ਦੋਸਤੋ, ਅੱਜ ਸਾਰੇ ਡੀਸੀ ਸਾਹਿਬਾਨ ਦੇ ਕਹਿਣ 'ਤੇ ਕਿ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੁੱਖ ਰਖਦੇ ਹੋਏ ਡਿਊਟੀ ਮੈਜਿਸਟ੍ਰੇਟਸ ਦੀ ਡਿਊਟੀ ਨਿਭਾਉਣ ਵਾਸਤੇ ਅਤੇ ਪੰਜਾਬ ਵਿੱਚ ਸ਼ਾਂਤੀ ਅਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਮੂਹਿਕ ਛੁੱਟੀ 'ਤੇ ਜਾਣ ਦਾ ਫੈਸਲਾ ਵਾਪਸ ਲਿਆ ਜਾਂਦਾ ਹੈ।’’ (ਸੂਬਾ ਪ੍ਰਧਾਨ, ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਪੰਜਾਬ।)
ਇਸੇ ਦੌਰਾਨ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਸ੍ਰੀ ਲਛਮਣ ਸਿੰਘ ਰੰਧਾਵਾ ਨੇ ਵੀ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਇਸ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਾਨ ਸ੍ਰੀ ਰੰਧਾਵਾ ਦਾ ਕਹਿਣਾ ਸੀ ਕਿ ਜਿੱਥੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਚਲਦਿਆਂ ਸਮੂਹਿਕ ਛੁੱਟੀ ਨਾ ਵਧਾਉਣ ਦਾ ਫੈਸਲਾ ਲਿਆ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅਗਲੇ ਦਿਨਾਂ ਵਿੱਚ ਮੀਟਿੰਗ ਕਰਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਵੀ ਦਿਵਾਇਆ ਗਿਆ ਹੈ। ਇਸ ਦੇ ਚਲਦਿਆਂ ਹੀ ਪੰਜਾਬ ਭਰ ਦੇ ਸਮੂਹ ਤਹਿਸੀਲਦਾਰਾਂ ਦੀ ਸਹਿਮਤੀ ਨਾਲ ਜਥੇਬੰਦੀ ਨੇ ਸਮੂਹਿਕ ਛੁੱਟੀ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ ਤੇ ਅੱਜ ਸਾਰੇ ਤਹਿਸੀਲਦਾਰਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ।