DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਰਕਾਰ ਦਰਿਆ ਵਿੱਚ ਫਿਰ ਮਾਈਨਿੰਗ ਸ਼ੁਰੂ ਕਰਨ ਲਈ ਕਾਹਲੀ

ਮਾਈਨਿੰਗ ਵਿਭਾਗ ਵੱਲੋਂ ਦਰਿਆ ਦਾ ਦੌਰਾ

  • fb
  • twitter
  • whatsapp
  • whatsapp
Advertisement
ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਅਤੇ ਹੋਰ ਵਾਤਾਵਰਣ ਪ੍ਰੇਮੀਆਂ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਦਾਊਦਪੁਰ ਤੇ ਫੱਸਿਆਂ ਵਿਖੇ ਫਿਰ ਮਾਈਨਿੰਗ ਸ਼ਰੂ ਕਰਨ ਲਈ ਇਤਰਾਜ਼ ਤੇ ਸੁਝਾਅ ਮੰਗਣ ਸਬੰਧੀ ਜਾਰੀ ਪਬਲਿਕ ਨੋਟਿਸ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਮੁੜ ਸੰਘਰਸ਼ ਲਈ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਵੱਲੋਂ ਪ੍ਰਸਤਾਵਿਤ ਥਾਵਾਂ ’ਤੇ ਮਾਈਨਿੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

Advertisement

ਇਸ ਸਬੰਧੀ ਮੋਰਚੇ ਦੇ ਆਗੂਆਂ ਖੁਸ਼ਵਿੰਦਰ ਸਿੰਘ, ਲਖਬੀਰ ਸਿੰਘ ਹਾਫਿਜ਼ਾਬਾਦ ਜੁਝਾਰ ਸਿੰਘ ਅਤੇ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਰੂਪਨਗਰ ਦਫ਼ਤਰ ਵੱਲੋਂ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਪਿੰਡ ਦਾਊਦਪੁਰ ਤੇ ਫੱਸਿਆਂ ਨੇੜੇ ਸਤਲੁਜ ਦਰਿਆ ਵਿਚ ਰੇਤੇ ਦਾ ਸਰਕਾਰੀ ਟੱਕ ਚਲਾਉਣ ਲਈ ਸੁਝਾਅ ਅਤੇ ਇਤਰਾਜ਼ ਮੰਗੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਹੇਠ ਸਬ-ਡਵੀਜ਼ਨ ਪੱਧਰ ਤੇ ਬਣੀ ਕਮੇਟੀ ਵੱਲੋਂ 15 ਮਈ 2025 ਨੂੰ ਉਕਤ ਥਾਂ ਦਾ ਦੌਰਾ ਕਰਕੇ ਸਰਕਾਰੀ ਤੌਰ ਤੇ ਰੇਤੇ ਦੀ ਖੱਡ ਚਲਾਉਣ ਲਈ ਸਿਫ਼ਾਰਸ਼ ਕੀਤੀ ਗਈ ਸੀ। ਜਿਸ ਦੇ ਆਧਾਰ ਤੇ ਪੰਜਾਬ ਸਰਕਾਰ ਦੇ ਮਾਈਨਜ਼ ਅਤੇ ਜਿਓਲੋਜੀ ਵਿਭਾਗ ਜ਼ਿਲ੍ਹਾ ਰੂਪਨਗਰ ਵਿੱਚ ਸਾਈਟਾਂ ਦੀ ਕਮੇਟੀ ਵੱਲੋਂ ਮਾਈਨਿੰਗ ਵਿਭਾਗ ਨੇ ਰੇਤੇ ਦਾ ਸਰਕਾਰੀ ਟੱਕ ਚਲਾਉਣ ਲਈ ਮੰਗੇ ਸੁਝਾਅ ਤੇ ਇਤਰਾਜ਼ ਮੰਗੇ ਹਨ।

ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਦੀਆਂ ਵਿਜ਼ਿਟ ਰਿਪੋਰਟਾਂ ਦੇ ਆਧਾਰ ਤੇ ਇਤਰਾਜ ਅਤੇ ਸੁਝਾਅ ਲੈਣ ਲਈ ਜਾਰੀ ਇਸ਼ਤਿਹਾਰ ਵਿੱਚ ਪਿੰਡ ਦਾਊਦਪੁਰ (ਬੇਚਰਾਗ ਮੌਜਾ ਮੁਲਾਣਾ ) ਆਦਿ ਰਕਬੇ ਦੀ ਸਾਈਟ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਹੈ। ਇਸ ਸਬੰਧੀ ਇਲਾਕੇ ਦੇ ਲੋਕਾਂ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਇੱਥੋਂ ਰੇਤਾ ਚੁੱਕਣ ਲਈ ਸੁਝਾਅ ਅਤੇ ਇਤਰਾਜ ਮੰਗੇ ਗਏ ਹਨ।

ਮੋਰਚੇ ਦੇ ਆਗੂਆਂ ਨੇ ਇਸ ਸਬੰਧੀ ਸਪੱਸ਼ਟ ਸਟੈਂਡ ਲੈਂਦਿਆ ਕਿਹਾ ਕਿ ਥੋੜਾ ਸਮਾਂ ਪਹਿਲਾਂ ਪਿੰਡ ਦਾਊਦਪੁਰ ਅਤੇ ਫੱਸਿਆਂ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਵਿੱਚ ਖ਼ਾਰ ਪੈਣ ਕਾਰਨ ਬੰਨ੍ਹ ਟੁੱਟਣ ਦੇ ਕਿਨਾਰੇ ਪਹੁੰਚ ਗਿਆ ਸੀ, ਜਿਸ ਨੂੰ ਬਚਾਉਣ ਲਈ ਇਲਾਕੇ ਦੇ ਨੌਜਵਾਨਾਂ ਅਤੇ ਫ਼ੌਜ ਨੇ ਦਿਨ ਰਾਤ ਮਿੱਟੀ ਅਤੇ ਮਿੱਟੀ ਦੇ ਥੈਲੇ ਭਰ ਕੇ ਲਗਾਕੇ ਟੁੱਟਣ ਤੋਂ ਬਚਾਇਆ

ਉਨ੍ਹਾਂ ਦੱਸਿਆ ਕਿ ਇਸ ਬੰਨ੍ਹ ਦੇ ਦੂਜੇ ਪਾਸੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਲੋਕਾਂ ਨੇ ਦਰਿਆ ਦਾ ਪਾਣੀ ਸਿੱਧਾ ਕਰਨ ਅਤੇ ਦਰਿਆ ਵਿੱਚੋ ਬਰੇਤੀ ਨੂੰ ਹਟਾ ਕੇ ਡਰੇਨ ਬਣਾਉਣ ਦੀ ਮੰਗ ਨੂੰ ਲੈ ਕੇ ਰੂਪਨਗਰ ਵਿੱਚ ਧਰਨਾ ਵੀ ਦਿੱਤਾ ਗਿਆ ਸੀ, ਪ੍ਰੰਤੂ ਡਰੇਨ ਪੁੱਟਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਮਾਈਨਿੰਗ ਵਿਭਾਗ ਹੁਣ ਤੱਕ ਵੀ ਆਨਾਕਾਨੀ ਕਰਦਾ ਆ ਰਿਹਾ ਹੈ। ਦੂਜੇ ਪਾਸੇ ਹੁਣ ਉਸੇ ਥਾਂ ਤੇ ਹੀ ਮਾਈਨਿੰਗ ਸ਼ੁਰੂ ਕਰਨ ਲਈ ਕਾਹਲਾ ਹੈ।

ਆਗੂਆ ਨੇ ਦੋਸ਼ ਲਗਾਇਆ ਕਿ ਪਿੰਡ ਦਾਊਦਪੁਰ ਅਤੇ ਫੱਸਿਆਂ ਦੇ ਬੰਨ੍ਹ ਦੇ ਜੋ ਟੁੱਟਣ ਵਾਲੇ ਹਾਲਾਤ ਬਣੇ ਹੋਏ ਸਨ, ਉਹ ਇੱਥੇ ਬੀਤੇ ਕਈ ਸਾਲਾਂ ਤੋਂ ਚੱਲਦੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਹੀ ਬਣੇ ਸਨ।

ਜਦੋ ਇਸ ਸਬੰਧੀ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਵੱਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਦਰਿਆ ਵਿੱਚ ਉਕਤ ਥਾਵਾਂ ਤੇ ਵਿਜ਼ਟ ਕੀਤੀ ਗਈ ਹੈ ਅਤੇ ਨੇੜਲੇ ਪਿੰਡਾਂ ਦੇ ਲੋਕ ਜੋ ਵੀ ਸੁਝਾਅ ਦੇਣਗੇ, ਉਨ੍ਹਾਂ ਸੁਝਾਵਾਂ ਨੂੰ ਕਲਮਬੱਧ ਕਰਕੇ ਸਾਰੀ ਰਿਪੋਰਟ ਜਲਦੀ ਹੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।

Advertisement
×