ਪੰਜਾਬ ਘੋੜਸਵਾਰੀ ਮੇਲਾ ਅੱਜ ਪੱਲਣਪੁਰ ਵਿੱਚ ਸਮਾਪਤ ਹੋਇਆ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ।
ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਘੋੜਸਵਾਰੀ ਮੇਲਾ ਘੋੜਸਵਾਰਾਂ ਤੇ ਘੋੜਾ ਪ੍ਰੇਮੀਆਂ ਦਾ ਲੰਬੇ ਸਮੇਂ ਤੋਂ ਸੁਪਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਲਣਪੁਰ ਵਿੱਚ ਪੰਚਾਇਤੀ ਜ਼ਮੀਨ ’ਤੇ ਪੇਸ਼ੇਵਰ ਪੱਧਰ ਦਾ ਘੋੜਸਵਾਰ ਰਿੰਗ ਸਥਾਪਤ ਕਰਨ ਵਿੱਚ ਸਰਕਾਰ ਦਾ ਸਮਰਥਨ, ਖੇਤਰ ਵਿੱਚ ਘੋੜਸਵਾਰ ਖੇਡਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਪੰਜਾਬ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਇਸ ਮੇਲੇ ਦੇ ਪ੍ਰਬੰਧਾਂ ਲਈ ਸ਼ਲਾਘਾ ਕੀਤੀ। ਐੱਸ ਏ ਐੱਸ ਨਗਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪ੍ਰਬੰਧਕ ਹਰਜਿੰਦਰ ਸਿੰਘ ਖੋਸਾ, ਦੀਪਿੰਦਰ ਸਿੰਘ ਬਰਾੜ ਅਤੇ ਹਰਮਨ ਸਿੰਘ ਖਹਿਰਾ ਨੂੰ ਖੇਡ ਨੂੰ ਉਤਸ਼ਾਹਿਤ ਕਰਨ ਲਈ ਵਧਾਈ ਦਿੱਤੀ। ਸਮਾਪਤੀ ਸਮਾਰੋਹ ਵਿੱਚ ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਪ੍ਰਭਜੋਤ ਕੌਰ, ਸੂਚਨਾ ਕਮਿਸ਼ਨਰ ਭੁਪਿੰਦਰ ਸਿੰਘ ਬਾਠ ਅਤੇ ‘ਆਪ’ ਦੇ ਬੁਲਾਰੇ ਹਰਸੁਖਿੰਦਰ ਸਿੰਘ ਬੱਬੀ ਬਾਦਲ ਵੀ ਮੌਜੂਦ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਅਤੇ ਐੱਸ ਡੀ ਐੱਮ ਖਰੜ ਦਿਵਿਆ ਪੀ ਨੇ ਦੱਸਿਆ ਕਿ ਘੋੜਸਵਾਰਾਂ ਦੇ ਕਈ ਮੁਕਾਬਲੇ ਕਰਵਾਏ ਗਏ, ਜਿਸ ’ਚ ਦੇਸ਼ ਭਰ ਤੋਂ ਘੋੜਸਵਾਰ ਸ਼ਾਮਲ ਹੋਏ। ਸਮਾਪਤੀ ਦੌਰਾਨ ਜੇਤੂ ਘੋੜਸਵਾਰਾਂ ਦਾ ਸਨਮਾਨ ਕੀਤਾ ਗਿਆ।
ਵਿਧਾਇਕ ਦੀ ਗ਼ੈਰ-ਹਾਜ਼ਰੀ ਰੜਕੀ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਪਿੰਡ ਪੱਲਣਪੁਰ ਵਿੱਚ ਕਰਵਾਏ ਗਏ ਤਿੰਨ ਰੋਜ਼ਾ ਘੋੜਸਵਾਰੀ ਮੁਕਾਬਲਿਆਂ ਵਿੱਚ ਹਲਕਾ ਵਿਧਾਇਕ ਦੀ ਗ਼ੈਰ-ਹਾਜ਼ਰੀ ਲੋਕਾਂ ਨੂੰ ਰੜਕਦੀ ਰਹੀ। ਪ੍ਰੋਗਰਾਮ ਦੌਰਾਨ ਸੱਭਿਆਚਾਰਕ ਮੰਤਰੀ ਤਰਨਪ੍ਰੀਤ ਸਿੰਘ ਸੌਂਦ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਬਸੀ ਪਠਾਣਾ ਇਲਾਕੇ ਤੋਂ ਸਾਬਕਾ ਵਿਧਾਇਕ ਤੇ ‘ਆਪ’ ਦੇ ਐੱਸ ਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ, ਹਲਕਾ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸੁੱਖਾਨੰਦ, ਸੂਚਨਾ ਕਮਿਸ਼ਨਰ ਭੁਪਿੰਦਰ ਸਿੰਘ ਬਾਠ, ‘ਆਪ’ ਦੇ ਬੁਲਾਰੇ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਸ਼ਿਰਕਤ ਕੀਤੀ। ਜਸਪਾਲ ਸਿੰਘ ਨੇ ਕਿਹਾ ਕਿ ਇਲਾਕੇ ਦੇ ਕੁੱਝ ਲੋਕਾਂ ਨੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਸੌਂਪਣੇ ਸਨ ਪਰ ਤਿੰਨ ਦਿਨ ਉਹ ਉਡੀਕਦੇ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁੱਝ ਮੰਤਰੀਆਂ ਸਣੇ ਹੋਰਨਾਂ ਹਲਕਿਆਂ ਦੇ ਵਿਧਾਇਕਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਿਰਕਤ ਤਾਂ ਜ਼ਰੂਰ ਕੀਤੀ ਹੈ ਪਰ ਸਾਬਕਾ ਮੰਤਰੀ ਅਤੇ ਹਲਕਾ ਖਰੜ ਤੋਂ ਮੌਜੂਦਾ ਵਿਧਾਇਕ ਬੀਬੀ ਅਨਮੋਲ ਗਗਨ ਮਾਨ ਜਾਂ ਉਸ ਦੇ ਕਿਸੇ ਸਹਾਇਕ, ਪਰਿਵਾਰ ਦੇ ਮੈਂਬਰ ਦੀ ਗ਼ੈਰਹਾਜ਼ਰੀ ਸਮਰਥਕਾਂ ਨੂੰ ਰੜਕ ਰਹੀ ਹੈ।
‘ਸੱਦਾ ਪੱਤਰ ਮਿਲਿਆ ਸੀ’
ਹਲਕਾ ਵਿਧਾਇਕ ਬੀਬੀ ਅਨਮੋਲ ਗਗਨ ਮਾਨ ਦੇ ਦਫ਼ਤਰ ਤੋਂ ਪੀਏ ਰਣਜੀਤ ਸਿੰਘ ਨੇ ਕਿਹਾ ਕਿ ਸੱਦਾ ਪੱਤਰ ਤਾਂ ਮਿਲ ਗਿਆ ਸੀ ਪਰ ਅੱਗੇ ਉਨ੍ਹਾਂ ਨੂੰ ਕੁੱਝ ਪਤਾ ਨਹੀਂ।

