ਹੜ੍ਹ ਪੀੜਤਾਂ ਦੀ ਫੌਰੀ ਮਦਦ ਕਰੇ ਪੰਜਾਬ ਤੇ ਕੇਂਦਰ ਸਰਕਾਰ: ਪੀਰਮੁਹੰਮਦ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਨੂੰ ਬੇਗਾਨਗੀ ਦੀ ਨਜ਼ਰ ਨਾਲ ਨਾ ਵੇਖਿਆ ਜਾਵੇ। ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਹੜ੍ਹਾਂ ਤੋਂ ਪ੍ਰਭਾਵਿਤ ਹੋ ਕੇ ਡੂੰਘੇ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਸੰਕਟ ਵਿੱਚੋਂ ਕੱਢਣ ਲਈ ਕੇਂਦਰ ਤੁਰੰਤ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਦਿਆਂ ਪ੍ਰਭਾਵਿਤ ਇਲਾਕਿਆਂ ਲਈ ਬਿਨਾਂ ਦੇਰੀ ਕੀਤੇ ਵਿੱਤੀ ਮੱਦਦ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਨੇ ਆਰਥਿਕ ਤੌਰ ’ਤੇ ਵੱਡੀ ਸੱਟ ਮਾਰੀ ਹੈ। ਇਸ ਲਈ ਮੁੱਖ ਮੰਤਰੀ ਪੰਜਾਬ ਨਾਟਕੀ ਅੰਦਾਜ ਦੀ ਬਜਾਏ ਸੁਹਿਰਦਤਾ ਦਿਖਾਉਣ । ਉਨ੍ਹਾਂ ਕਿਹਾ ਕਿ ਮੰਚ ਤੋਂ ਸਿਰਫ ਮੁਆਵਜੇ ਦੇ ਐਲਾਨ ਕਰਨ ਨਾਲ ਕੁੱਝ ਨਹੀਂ ਬਣਨਾ,ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਹੋਏ ਮਾਲੀ ਨੁਕਸਾਨ ਦੀ ਭਰਪਾਈ ਪੂਰੇ ਰੂਪ ਵਿੱਚ ਕੀਤੀ ਜਾਵੇ । ਸ੍ਰੀ ਪੀਰਮੁਹੰਮਦ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹਰ ਸਾਲ ਦੀ ਤਰਾਂ ਝੱਲਣੀ ਪੈਂਦੀ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਵੱਡਾ ਨੁਕਸਾਨ ਹੜ੍ਹਾਂ ਦੇ ਚਲਦੇ ਹੋ ਚੁੱਕਾ ਹੈ। ਇਨ੍ਹਾਂ ਤਿੰਨ ਦਹਾਕਿਆਂ ਦੌਰਾਨ ਕਿਸੇ ਵੀ ਸਰਕਾਰ ਨੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਠੋਸ ਕਦਮ ਨਹੀਂ ਉਠਾਏ, ਜਿਸ ਕਾਰਨ ਹੁਣ ਅਜਿਹਾ ਸਭ ਕੁੱਝ ਹੋ ਰਿਹਾ ਹੈ।