ਪੀਯੂ ਸੈਨੇਟ ਚੋਣਾਂ ਦਾ ਐਲਾਨ ਹੱਕ ਤੇ ਸੱਚ ਦੀ ਜਿੱਤ: ਗੜਗੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬੀਆਂ ਦੀ ਆਪਣੇ ਹੱਕ ਸੱਚ ਲਈ ਲੜੀ ਲੜਾਈ ਦਾ ਨਤੀਜਾ ਹੈ ਕਿ ਸਰਕਾਰ ਨੂੰ ਝੁਕਣਾ ਪਿਆ। ਉਨ੍ਹਾਂ ਕਿਹਾ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਐਲਾਨ ਹੱਕ...
ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰਾਂ ਵੱਲੋਂ ਪੰਜਾਬ ਦੇ ਹੱਕਾਂ ਨੂੰ ਖੋਹਣ ਦੀ ਨੀਤੀ ਕੋਈ ਨਵੀਂ ਨਹੀਂ। ਉਨ੍ਹਾਂ ਕਿਹਾ, “ਅੱਜ ਤੋਂ ਨਹੀਂ, 1675 ਤੋਂ ਹੀ ਪੰਜਾਬ ਵਿਰੁੱਧ ਦਮਨਕਾਰੀ ਹਥਕੰਡੇ ਅਪਣਾਏ ਗਏ, ਪਰ ਨਾ ਪੰਜਾਬੀ ਕਦੇ ਡਿੱਗੇ ਹਨ, ਨਾ ਕਦੇ ਹੁਣ ਪਿੱਛੇ ਹਟਣਗੇ।’’ ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮੇਂ ਆਈ ਇਹ ਜਿੱਤ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਵਿਦਿਆਰਥੀ ਇਸ ਨੂੰ ਗੁਰੂ ਸਾਹਿਬ ਦੀ ਬੇਮਿਸਾਲ ਕੁਰਬਾਨੀ ਨੂੰ ਸਮਰਪਿਤ ਕਰ ਰਹੇ ਹਨ।
ਜਥੇਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ ਅਤੇ ਇਹ ਵਿਦਿਆਰਥੀ ਜਲਦੀ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬੀ ਹਮੇਸ਼ਾ ਜਬਰ, ਜੁਲਮ ਅਤੇ ਬੇਇਨਸਾਫ਼ੀ ਦੇ ਖ਼ਿਲਾਫ ਖੜ੍ਹੇ ਰਹੇ ਹਨ। ਇਹ ਜਿੱਤ ਵੀ ਉਸੇ ਪਰੰਪਰਾ ਦੀ ਨਿਰੰਤਰਤਾ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਮਾਮਲੇ ਵਿੱਚ ਵਿਦਿਆਰਥੀਆਂ ਨੇ ਦਲੇਰੀ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਇਹ ਫੈਸਲਾ ਉਨ੍ਹਾਂ ਦੀ ਲੜਾਈ ਦੀ ਕਾਮਯਾਬੀ ਹੈ।

