ਪੱਤਰ ਪ੍ਰੇਰਕ
ਚੰਡੀਗੜ੍ਹ, 6 ਫ਼ਰਵਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 14ਵਾਂ ਰੋਜ਼ ਫੈਸਟੀਵਲ ਭਲਕੇ 7 ਫ਼ਰਵਰੀ ਨੂੰ ਸ਼ੁਰੂ ਹੋ ਰਿਹਾ ਹੈ ਜਿਸ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਵੱਲੋਂ ਕੀਤਾ ਜਾਵੇਗਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਰੋਜ਼ ਫੈਸਟੀਵਲ ਵਿੱਚ 115 ਤੋਂ ਵੱਧ ਕਿਸਮਾਂ ਦੇ ਗੁਲਾਬ ਦੇ ਪੌਦੇ ਗਾਰਡਨ ਦੀ ਸਜਾਵਟ ਕਰ ਰਹੇ ਹਨ। ਇਸ ਸਾਲ ਰੋਜ਼ ਗਾਰਡਨ ਵਿੱਚ 10 ਨਵੀਆਂ ਕਿਸਮਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਵੇਂ ਕਿ ਅਰੀਨਾ-93, ਸਿੰਗਿੰਗ ਇਨ ਦਿ ਰੇਨ, ਅਰੁਣਿਮਾ, ਮਿਲਕੀ ਵੇਅ, ਵਿਕਟਰ ਹਿਊਗੋ, ਡਾਕਟਰ ਗੋਲਡਬਰਗ, ਸਨ ਸੌਂਗ, ਜਯੰਤੀ ਆਦਿ। ਫੈਸਟੀਵਲ ਵਿੱਚ ਸੱਭਿਆਚਾਰਕ ਸਮਾਗਮਾਂ ਅਤੇ ਮੁਕਾਬਲਿਆਂ ਦੀ ਲੜੀ ਵੀ ਹੋਵੇਗੀ। ਤਿੰਨ ਦਿਨਾਂ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਯੂਨੀਵਰਸਿਟੀ ਰੋਜ਼ ਫੈਸਟੀਵਲ ਵਿੱਚ ਪਹਿਲੇ ਦਿਨ ਫੁੱਲ ਮੁਕਾਬਲਾ ਹੋਵੇਗਾ। ਮਿਸਟਰ ਐਂਡ ਮਿਸ ਰੋਜ਼ ਮੁਕਾਬਲਾ ਅਤੇ ਜਗਜੀਤ ਵਡਾਲੀ ਵੱਲੋਂ ਪ੍ਰਦਰਸ਼ਨ ਸ਼ਾਮ ਨੂੰ ਕਰਵਾਇਆ ਜਾਵੇਗਾ। ਦੂਜੇ ਦਿਨ ਰੰਗੋਲੀ ਅਤੇ ਪੇਂਟਿੰਗ ਮੁਕਾਬਲੇ ਹੋਣਗੇ ਜਦਕਿ ਸ਼ਾਮ ਨੂੰ ਰੌਕ ਬੈਂਡ ‘ਪਰਵਾਜ਼’ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। ਤੀਜੇ ਦਿਨ, ਰੋਜ਼ ਪ੍ਰਿੰਸ ਅਤੇ ਪ੍ਰਿੰਸੈਸ ਮੁਕਾਬਲਾ ਦਿਨ ਦੌਰਾਨ ਹੋਵੇਗਾ ਅਤੇ ਮੁਕਾਬਲੇ ਤੋਂ ਬਾਅਦ ਤਾਜ ਪਹਿਨਾਉਣ ਦੀ ਰਸਮ ਹੋਵੇਗੀ। ਸ਼ਾਮ ਸਮੇਂ ਪੰਜਾਬੀ ਗਾਇਕ ਜੀਤ ਜਗਜੀਤ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੁਕਾਬਲਿਆਂ ਲਈ 500 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਹਨ। ਮੁਕਾਬਲਿਆਂ ’ਚਚ ਹਿੱਸਾ ਲੈਣ ਦੇ ਚਾਹਵਾਨ 7 ਫਰਵਰੀ ਨੂੰ ਸਵੇਰੇ 10 ਵਜੇ ਤੱਕ ਸਿੰਗਲ ਵਿੰਡੋ ਇਨਕੁਆਰੀ, ਪੰਜਾਬ ’ਵਰਸਿਟੀ ਵਿਖੇ ਅਰਜ਼ੀ ਦੇ ਸਕਦੇ ਹਨ।