ਪੀਯੂ ਨੂੰ ਖੇਤੀ ਰਹਿੰਦ-ਖੂੰਹਦ ਸੰਭਾਲਣ ਵਾਸਤੇ 81 ਲੱਖ ਦੀ ਗਰਾਂਟ ਮਿਲੀ
ਪੰਜਾਬ ਯੂਨੀਵਰਸਿਟੀ (ਪੀਯੂ) ਨੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਪੂਰੀ ਤਰ੍ਹਾਂ ਪੌਦਿਆਂ-ਆਧਾਰਿਤ ਕੱਚੇ ਮਾਲ ਤੋਂ ਬਣੇ ਵਪਾਰਕ ਤੌਰ ’ਤੇ ਵਾਤਾਵਰਨ-ਅਨੁਕੂਲ ਕੰਪੋਜ਼ਿਟ ਪੈਨਲ ਵਿਕਸਿਤ ਕਰਨ ਲਈ 81 ਲੱਖ ਰੁਪਏ ਦੀ ਖੋਜ ਗ੍ਰਾਂਟ ਪ੍ਰਾਪਤ ਕੀਤੀ ਹੈ। ਇਹ ਪ੍ਰਾਜੈਕਟ ਪੈਟਰੋਲੀਅਮ-ਆਧਾਰਿਤ ਬਾਈਂਡਰਾਂ ਨੂੰ ਨਵਿਆਉਣਯੋਗ, ਬਾਇਓ-ਡੀਗ੍ਰੇਡੇਬਲ ਵਿਕਲਪਾਂ ਨਾਲ ਬਦਲਦਾ ਹੈ।
ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਖੋਜ ਟੀਮ ਅਤੇ ਉਦਯੋਗ ਸਹਿਯੋਗੀਆਂ ਨੂੰ ਇਸ ਗ੍ਰਾਂਟ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਅਗਵਾਈ ਡਾ. ਐੱਸਐੱਸਬੀ ਯੂਨੀਵਰਸਿਟੀ ਇੰਸਟੀਚਿਊਟ ਆਫ ਕੈਮੀਕਲ ਇੰਜਨੀਅਰਿੰਗ ਐਂਡ ਤਕਨਾਲੋਜੀ ਦੀ ਚੇਅਰਪਰਸਨ ਪ੍ਰੋ. ਅਨੁਪਮਾ ਸ਼ਰਮਾ, ਸ਼ਿਵਾਲਿਕ ਐਗਰੋ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕਰਨਗੇ ਜਿਸ ਦੀ ਅਗਵਾਈ ਡਾ. ਜੀਡੀ ਤਿਆਗੀ ਕਰਨਗੇ। ਸਹਿ-ਜਾਂਚਕਰਤਾ ਪ੍ਰੋ. ਸੋਨਲ ਸਿੰਘਲ ਅਤੇ ਡਾ. ਮੁਕਤਾ ਸ਼ਰਮਾ ਪ੍ਰਾਜੈਕਟ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਕਈ ਵਿਸ਼ਿਆਂ ਤੋਂ ਮੁਹਾਰਤ ਦਾ ਯੋਗਦਾਨ ਪਾਉਣਗੇ।
ਉਨ੍ਹਾਂ ਦੱਸਿਆ ਕਿ ਇਹ ਖੋਜ ਖੇਤੀਬਾੜੀ ਰਹਿੰਦ-ਖੂੰਹਦ ਨੂੰ ਚੰਗੇ ਮਿਸ਼ਰਤ ਪਦਾਰਥਾਂ ਵਿੱਚ ਬਦਲਣ ’ਤੇ ਕੇਂਦ੍ਰਿਤ ਹੈ। ਇਸ ਦਾ ਉਦੇਸ਼ ਪਰਾਲ਼ੀ ਸਾੜਨ ਨੂੰ ਰੋਕਣਾ ਹੈ।