ਪੀ ਐੱਸ ਆਈ ਈ ਸੀ ਦੇ ਫੰਡ ਸਰਕਾਰ ਨੂੰ ਟਰਾਂਸਫਰ
ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ ਐੱਸ ਆਈ ਈ ਸੀ) ਦੀ ਮੈਨੇਜਮੈਂਟ ਵੱਲੋਂ ਆਖ਼ਰਕਾਰ ਮੁਲਾਜ਼ਮ ਸੰਘਰਸ਼ਾਂ ਦੀ ਪ੍ਰਵਾਹ ਨਾ ਕਰਦੇ ਹੋਏ ਤੇ ਸਰਗਰਮ ਮੁਲਾਜ਼ਮ ਆਗੂ ਤਾਰਾ ਸਿੰਘ ਦਾ ਤਬਾਦਲਾ ਕਰ ਕੇ ਅੱਜ 243.73 ਕਰੋੜ ਰੁਪਏ ਦੇ ਫੰਡ ਪੰਜਾਬ ਸਰਕਾਰ...
ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ ਐੱਸ ਆਈ ਈ ਸੀ) ਦੀ ਮੈਨੇਜਮੈਂਟ ਵੱਲੋਂ ਆਖ਼ਰਕਾਰ ਮੁਲਾਜ਼ਮ ਸੰਘਰਸ਼ਾਂ ਦੀ ਪ੍ਰਵਾਹ ਨਾ ਕਰਦੇ ਹੋਏ ਤੇ ਸਰਗਰਮ ਮੁਲਾਜ਼ਮ ਆਗੂ ਤਾਰਾ ਸਿੰਘ ਦਾ ਤਬਾਦਲਾ ਕਰ ਕੇ ਅੱਜ 243.73 ਕਰੋੜ ਰੁਪਏ ਦੇ ਫੰਡ ਪੰਜਾਬ ਸਰਕਾਰ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ। ਇਹ ਫੰਡ ਟਰਾਂਸਫਰ ਅੱਜ ਉਦਯੋਗ ਭਵਨ ਸੈਕਟਰ-17 ਵਿੱਚ ਚੇਅਰਮੈਨ ਦਲਵੀਰ ਸਿੰਘ ਦੀ ਅਗਵਾਈ ਹੇਠ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਕੀਤੇ ਗਏ।
ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਬੋਰਡਾਂ ਤੇ ਕਾਰਪੋਰੇਸ਼ਨਾਂ ਤੋਂ 1441 ਕਰੋੜ ਰੁਪਏ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਵਿੱਚ ਪੀ ਐੱਸ ਆਈ ਈ ਸੀ ਦਾ ਵੀ 500 ਕਰੋੜ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਹੋਏ ਸਨ ਪਰ ਪੀ ਐੱਸ ਆਈ ਈ ਸੀ ਸਟਾਫ ਐਸੋਸੀਏਸ਼ਨ ਵੱਲੋਂ ਲਗਾਤਾਰ ਕੀਤੇ ਸੰਘਰਸ਼ ਕਾਰਨ ਅਤੇ ਅਦਾਲਤੀ ਹੁਕਮਾਂ ਕਾਰਨ ਵਿੱਤ ਵਿਭਾਗ ਨੂੰ ਇਹ ਹੁਕਮ ਵਾਪਸ ਲੈਣੇ ਪੈ ਗਏ ਸਨ।
ਪੰਜਾਬ ਸਰਕਾਰ ਅਤੇ ਮੈਨੇਜਮੈਟ ਨੇ ਇਨ੍ਹਾਂ ਵਾਪਸ ਹੋਏ ਹੁਕਮਾਂ ਉਪਰੰਤ ਸੰਘਰਸ਼ ਕਰਨ ਵਾਲੀ ਜਥੇਬੰਦੀ ਪੀ ਐੱਸ ਆਈ ਈ ਸੀ ਸਟਾਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਤਾਰਾ ਸਿੰਘ ਦੀ ਬਦਲੀ ਲੁਧਿਆਣਾ ਵਿੱਚ ਕਰ ਦਿੱਤੀ ਤਾਂ ਕਿ ਮੁਲਾਜ਼ਮ ਇਸ ਬਾਬਤ ਸੰਘਰਸ਼ ਹੀ ਨਾ ਵਿੱਢ ਸਕਣ।
ਐਸੋਸੀਏਸ਼ਨ ਦੇ ਪ੍ਰਧਾਨ ਦੀਪਾ ਰਾਮ ਨੇ ਕਿਹਾ ਕਿ ਸੋਮਵਾਰ ਤੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।