ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਦਾ ਇਜਲਾਸ
ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦਾ ਸਬ ਡਿਵੀਜ਼ਨ ਗੱਜੂ ਖੇੜਾ ਦਾ ਡੈਲੀਗੇਟ ਇਜਲਾਸ ਰਾਜਪੁਰਾ ਦੇ ਡਿਵੀਜ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਸਕੱਤਰ ਜਗਜੀਤ ਸਿੰਘ ਦੀ ਅਗਵਾਈ ਹੇਠ ਹੋਇਆ। ਸੂਬਾ ਵਿੱਤ ਸਕੱਤਰ ਹਰਭਜਨ ਸਿੰਘ ਪਿਲਖਣੀ, ਸਰਕਲ ਪਟਿਆਲਾ ਦੇ ਪ੍ਰਧਾਨ...
ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦਾ ਸਬ ਡਿਵੀਜ਼ਨ ਗੱਜੂ ਖੇੜਾ ਦਾ ਡੈਲੀਗੇਟ ਇਜਲਾਸ ਰਾਜਪੁਰਾ ਦੇ ਡਿਵੀਜ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਸਕੱਤਰ ਜਗਜੀਤ ਸਿੰਘ ਦੀ ਅਗਵਾਈ ਹੇਠ ਹੋਇਆ। ਸੂਬਾ ਵਿੱਤ ਸਕੱਤਰ ਹਰਭਜਨ ਸਿੰਘ ਪਿਲਖਣੀ, ਸਰਕਲ ਪਟਿਆਲਾ ਦੇ ਪ੍ਰਧਾਨ ਬਲਜੀਤ ਕੁਮਾਰ ਤੇ ਗੁਰਦਿਆਲ ਸਿੰਘ ਬੱਬੂ ਵੀ ਸ਼ਾਮਲ ਹੋਏ। ਇਜਲਾਸ ’ਚ ਸਾਲਾਨਾ ਰਿਪੋਰਟ ਪਾਸ ਕਰਨ ਤੋਂ ਇਲਾਵਾ ਗੱਜੂ ਖੇੜਾ ਸਬ ਡਿਵੀਜ਼ਨ ਦੀ ਚੋਣ ਕੀਤੀ ਗਈ। ਇਸ ਮੌਕੇ ਕ੍ਰਿਸ਼ਨ ਕੁਮਾਰ ਸਰਪ੍ਰਸਤ, ਰੁਪਿੰਦਰ ਸਿੰਘ ਐਲ ਡੀ ਸੀ ਪ੍ਰਧਾਨ, ਨਿਰਮਲ ਸਿੰਘ ਜੇ ਈ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਮੀਤ ਪ੍ਰਧਾਨ, ਬਲਜਿੰਦਰ ਸਿੰਘ ਸਕੱਤਰ, ਜਗਰੂਪ ਸਿੰਘ ਰੀਡਰ ਸਹਾਇਕ ਸਕੱਤਰ, ਦਿਲਜੀਤ ਸਿੰਘ ਖਜ਼ਾਨਚੀ, ਹਰਵਿੰਦਰ ਕੌਰ ਸਹਾਇਕ ਖਜ਼ਾਨਚੀ, ਦਲਜੀਤ ਸਿੰਘ ਆਡੀਟਰ, ਗੁਰਪ੍ਰੀਤ ਸਿੰਘ ਤੇ ਲਤਾ ਪ੍ਰਚਾਰ ਸਕੱਤਰ ਚੁਣੇ ਗਏ। -ਪੱਤਰ ਪ੍ਰੇਰਕ
ਤਗ਼ਮਾ ਜੇਤੂ ਵਿਦਿਆਰਥਣ ਦਾ ਸਨਮਾਨ
ਚਮਕੌਰ ਸਾਹਿਬ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿੱਚ 69ਵੀਆਂ ਪੰਜਾਬ ਸਟੇਟ ਸਕੂਲ ਖੇਡਾਂ ਦੌਰਾਨ ਫੁਟਬਾਲ ’ਚ ਚਾਂਦੀ ਦਾ ਤਗ਼ਮਾ ਜੇਤੂ ਵਿਦਿਆਰਥਣ ਮੰਨਤ ਭੰਗੂ ਦਾ ਸਨਮਾਨ ਕੀਤਾ ਗਿਆ। ਸਕੂਲ ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਮੰਨਤ ਨੇ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਮੰਨਤ ਦਾ ਸਨਮਾਨ ਕਰਦਿਆਂ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਡੀਪੀ ਸੁਰਮੁੱਖ ਸਿੰਘ ਲੋਟੇ ਤੇ ਵੋਕੇਸ਼ਨਲ ਟ੍ਰੇਨਰ ਹਰਿੰਦਰ ਕੁਮਾਰ ਕਾਈਨੌਰ ਦੀ ਸ਼ਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ
ਖ਼ਾਲਸਾ ਮਾਡਲ ਸਕੂਲ ’ਚ ਸਮਾਗਮ
ਰੂਪਨਗਰ: ਇੱਥੇ ਖ਼ਾਲਸਾ ਮਾਡਲ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ’ਚ ਪ੍ਰੇਮ ਕੁਮਾਰ ਮਿੱਤਲ, ਜ਼ਿਲਾ ਸਿੱਖਿਆ ਅਫਸਰ (ਸੈ.ਸਿ) ਰੂਪਨਗਰ ਮੁੱਖ ਮਹਿਮਾਨ ਵਜੋਂ ਪਹੁੰਚੇ। ਸਕੂਲ ਦੀ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਤੇ ਮਾਪਿਆਂ ਨੂੰ ਜੀ ਆਇਆ ਕਿਹਾ ਗਿਆ। ਪ੍ਰੋਗਰਾਮ ਦੌਰਾਨ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਪੇਸ਼ਕਾਰੀਆਂ ਦਿੱਤੀਆਂ। ਮੁੱਖ ਮਹਿਮਾਨ ਨੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰਬੰਸ ਸਿੰਘ ਕੰਧੋਲਾ, ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ, ਸ਼ਰਨਜੀਤ ਕੌਰ (ਜ਼ਿਲ੍ਹਾ ਖੇਡ ਕੋਆਰਡੀਨੇਟਰ), ਅਵਤਾਰ ਸਿੰਘ ਘੁੰਮਣ ਤੇ ਸਟਾਫ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ
ਜਯੋਤੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਡੇਰਾਬੱਸੀ: ਸਰਕਾਰੀ ਕਾਲਜ ਦੀ ਵਿਦਿਆਰਥਣ ਜਯੋਤੀ ਤ੍ਰਿਪਾਠੀ ਨੇ ਤਾਇਕਵਾਂਡੋ ਦੇ ਪੰਜਾਬ ਸਟੇਟ ਫੀਮੇਲ ਸੀਨੀਅਰ ਸਟੇਟ ਮੁਕਾਬਲਿਆਂ ’ਚ ਹਿੱਸਾ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ’ਚ ਜਯੋਤੀ ਨੇ ਕਾਂਸੀ ਦਾ ਤਗਮਾ ਜਿੱਤਿਆ। ਪ੍ਰਿੰਸੀਪਲ ਗੀਤਾਂਜਲੀ ਕਾਲੜਾ, ਵਾਈਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ ਅਤੇ ਡਾ. ਨਵਦੀਪ ਕਹੌਲ ਨੇ ਜੇਤੂ ਵਿਦਿਆਰਥਣ ਨੂੰ ਅਤੇ ਵਿਭਾਗ ਦੇ ਮੁਖੀ ਡਾ. ਨਿਰਮਲ ਸਿੰਘ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। -ਨਿੱਜੀ ਪੱਤਰ ਪ੍ਰੇਰਕ
ਲਖਬੀਰ ਮਾਵੀ ਦੀ ਪੈਰਾ ਕ੍ਰਿਕਟ ਟੀਮ ਲਈ ਚੋਣ
ਮੁਹਾਲੀ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨੌਲੀ ਵਿੱਚ ਗਣਿਤ ਦੇ ਅਧਿਆਪਕ ਮੁਹਾਲੀ ਦੇ ਲਖਬੀਰ ਸਿੰਘ ਮਾਵੀ ਦੀ ਕੌਮਾਂਤਰੀ ਪੈਰਾ ਕ੍ਰਿਕਟ ਕਲੱਬ ਆਫ਼ ਇੰਡੀਆ ਟੀਮ ਲਈ ਚੋਣ ਹੋਈ ਹੈ। ਉਹ ਹੁਣ 13 ਤੋਂ 17 ਨਵੰਬਰ ਤੱਕ ਸ੍ਰੀਲੰਕਾ ’ਚ ਹੋਣ ਵਾਲੀ ਟੀ-20 ਕੌਮਾਂਤਰੀ ਪੈਰਾ ਕ੍ਰਿਕਟ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ। ਇਸ ਸਮੇਂ ਉਹ ਦਿਵਿਆਂਗ ਕ੍ਰਿਕਟ ਟੀਮ ਚੰਡੀਗੜ੍ਹ ਦੀ ਟੀਮ ਦੇ ਮੈਂਬਰ ਹਨ ਤੇ ਪਹਿਲਾਂ ਵੀ ਅਨੇਕਾਂ ਰਾਜ ਅਤੇ ਕੌਮੀ ਪੱਧਰ ਦੇ ਕਈਂ ਕ੍ਰਿਕਟ ਟੂਰਨਾਮੈਂਟ ਵਿਚ ਖੇਡ ਚੁੱਕੇ ਹਨ। ਮਾਵੀ ਨੇ ਕਿਹਾ ਕਿ ਉਹ ਟੂਰਨਾਮੈਂਟ ’ਚ ਵਧੀਆ ਪ੍ਰਦਰਸ਼ਨ ਲਈ ਕੋਸ਼ਿਸ਼ ਕਰਨਗੇ। ਮਨੌਲੀ ਸਕੂਲ ਦੀ ਪ੍ਰਿੰਸੀਪਲ ਨਵਕਿਰਨ ਤੇ ਸਟਾਫ਼ ਨੇ ਮਾਵੀ ਨੂੰ ਸ਼ੁੱਭਇੱਛਾਵਾਂ ਦਿੱਤੀਆਂ। -ਖੇਤਰੀ ਪ੍ਰਤੀਨਿਧ
ਆਲੋਵਾਲ ਵਿੱਚ ਸੱਭਿਆਚਾਰਕ ਮੇਲਾ
ਘਨੌਲੀ: ਬਾਬਾ ਵਿਸ਼ਵਕਰਮਾ ਸੱਭਿਆਚਾਰਕ ਕਲੱਬ ਆਲੋਵਾਲ ਵੱਲੋਂ 36ਵਾਂ ਸੱਭਿਆਚਾਰਕ ਮੇਲਾ ਕਰਵਾਇਆ। ਗਾਇਕ ਅਵਤਾਰ ਆਲੋਵਾਲੀਆ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਮਨਿੰਦਰ ਸਿੰੰਘ ਖੇਪੜ ਤੇ ਸਰਪੰਚ ਪਰਮਜੀਤ ਕੌਰ ਦੀ ਦੇਖ ਰੇਖ ਅਧੀਨ ਸਮਾਗਮ ਦੌਰਾਨ ਜਤਿੰੰਦਰ ਧੀਮਾਨ, ਗਾਇਕ ਜੋੜੀ ਕੁਲਵਿੰਦਰ ਹੀਰਾ ਤੇ ਹੁਸਨਪ੍ਰੀਤ, ਹਰਵਿੰੰਦਰ ਨੂਰਪੁਰੀ ਤੇ ਸੁੱਖੀ ਘੁਮਾਣ ਆਦਿ ਕਲਾਕਾਰਾਂ ਨੇ ਭਗਵਾਨ ਵਿਸ਼ਵਕਰਮਾ ਦੀ ਮਹਿਮਾ ਦਾ ਗੁਣਗਾਨ ਕੀਤਾ। ਮੁੱਖ ਮਹਿਮਾਨਾਂ ਵੱਜੋਂ ਡੀਆਈਜੀ (ਜੇਲ੍ਹਾਂ) ਦਲਜੀਤ ਸਿੰਘ ਰਾਣਾ ਤੇ ਸੋਹਣ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਮਨਿੰਦਰ ਸਿੰਘ ਖੇਪੜ, ਗਾਇਕ ਅਵਤਾਰ ਆਲੋਵਾਲੀਆ, ਸਮਰਜੀਤ ਸਿੰਘ ਆਲੋਵਾਲ, ਜਗਤਾਰ ਸਿੰੰਘ, ਸੁੱਚਾ ਸਿੰਘ, ਗੁਰਨੈਬ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਖੂਨਦਾਨ ਕੈਂਪ ਅੱਜ
ਮੁਹਾਲੀ: ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ 25 ਅਕਤੂਬਰ ਨੂੰ 27ਵਾਂ ਖੂਨਦਾਨ ਕੈਂਪ ਕੋਠੀ ਨੰਬਰ 2230, ਸੈਕਟਰ 88 ਨੇੜੇ ਲਾਇਆ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਪੀ ਜੀ ਆਈ ਬਲੱਡ ਸੈਂਟਰ ਚੰਡੀਗੜ੍ਹ ਵੱਲੋਂ ਤਿਉਹਾਰਾਂ ਦੇ ਸਮੇਂ ਖੂਨ ਦੀ ਸੁਚਾਰੂ ਸਪਲਾਈ ਬਣਾਈ ਰੱਖਣ ਲਈ ਦੀ ਅਪੀਲ ’ਤੇ ਇਹ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਂਪ ਸਵੇਰੇ 9 ਵਜੇ ਤੋਂ 1.30 ਵਜੇ ਤਕ ਚੱਲੇਗਾ। -ਖੇਤਰੀ ਪ੍ਰਤੀਨਿਧ

