ਅਧਿਆਪਕਾਂ ਦੀ ਟਰਾਂਸਫਰ ਕਰਨ ’ਤੇ ਰੋਸ ਵਧਿਆ
ਯੂਟੀ ਦੇ ਸਿੱਖਿਆ ਵਿਭਾਗ ਨੇ ਸੈਸ਼ਨ ਦਰਮਿਆਨ ਕਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਹਨ ਜਿਸ ਕਾਰਨ ਅਧਿਆਪਕਾਂ ’ਚ ਰੋਸ ਵਧ ਗਿਆ ਹੈ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਇਹ ਤਬਾਦਲੇ ਕੌਮੀ ਸਿੱਖਿਆ ਨੀਤੀ ਨੂੰ ਦਰਕਿਨਾਰ ਕਰ ਕੇ ਤੇ...
ਯੂਟੀ ਦੇ ਸਿੱਖਿਆ ਵਿਭਾਗ ਨੇ ਸੈਸ਼ਨ ਦਰਮਿਆਨ ਕਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਹਨ ਜਿਸ ਕਾਰਨ ਅਧਿਆਪਕਾਂ ’ਚ ਰੋਸ ਵਧ ਗਿਆ ਹੈ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਇਹ ਤਬਾਦਲੇ ਕੌਮੀ ਸਿੱਖਿਆ ਨੀਤੀ ਨੂੰ ਦਰਕਿਨਾਰ ਕਰ ਕੇ ਤੇ ਮਹਿਜ਼ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੇ ਗਏ ਹਨ ਜਿਸ ਖਿਲਾਫ਼ ਯੂਟੀ ਦੇ ਅਧਿਆਪਕ ਛੇ ਅਕਤੂਬਰ ਨੂੰ ਸੰਕੇਤਕ ਪ੍ਰਦਰਸ਼ਨ ਕਰਨਗੇ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲ ਸੈਕਟਰ-12 ਦੇ ਚਾਰ ਅਧਿਆਪਕਾਂ ਦੇ ਦੋ ਅਕਤੂਬਰ ਨੂੰ ਕਿਸੇ ਸ਼ਿਕਾਇਤ ਦੇ ਆਧਾਰ ’ਤੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਅਧਿਆਪਕਾਂ ਨੂੰ ਹੋਰ ਸਕੂਲਾਂ ਵਿੱਚ ਭੇਜ ਦਿੱਤਾ ਗਿਆ ਹੈ ਜਦੋਂਕਿ ਇਨ੍ਹਾਂ ਚਾਰ ਅਧਿਆਪਕਾਂ ਦੀ ਥਾਂ ’ਤੇ ਜਿਨ੍ਹਾਂ ਅਧਿਆਪਕਾਂ ਨੂੰ ਇਸ ਸਕੂਲ ਵਿੱਚ ਤਾਇਨਾਤ ਕੀਤਾ ਗਿਆ ਹੈ, ਉਨ੍ਹਾਂ ਨੇ ਤਬਾਦਲੇ ਲਈ ਕੋਈ ਬੇਨਤੀ ਨਹੀਂ ਕੀਤੀ ਗਈ ਸੀ। ਇੱਕ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਸਿਰਫ਼ ਕੁਝ ਅਧਿਆਪਕਾਂ ਦੇ ਕਹਿਣ ’ਤੇ ਤਬਦੀਲ ਕੀਤਾ ਗਿਆ ਹੈ ਤੇ ਇਸ ਸਬੰਧੀ ਕੋਈ ਗੰਭੀਰ ਦੋਸ਼ ਸਾਹਮਣੇ ਨਹੀਂ ਆਏ।
ਅਧਿਆਪਕਾਂ ਨੇ ਕਿਹਾ ਕਿ ਯੂਟੀ ਦੇ ਸਿੱਖਿਆ ਵਿਭਾਗ ਨੂੰ ਟਰਾਂਸਫਰ ਪਾਲਸੀ ਅਨੁਸਾਰ ਹੀ ਤਬਾਦਲੇ ਕਰਨੇ ਚਾਹੀਦੇ ਹਨ ਤੇ ਸ਼ਿਕਾਇਤਾਂ ਦੇ ਆਧਾਰ ’ਤੇ ਤਬਾਦਲੇ ਕਰਨੇ ਗ਼ਲਤ ਹਨ। ਚੰਡੀਗੜ੍ਹ ਟੀਚਰਜ਼ ਐਸੋਸੀਏਸ਼ਨ ਦੇ ਚੇਅਰਮੈਨ ਗਗਨ ਸਿੰਘ ਸ਼ੇਖਾਵਤ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ, ਜਨਰਲ ਸਕੱਤਰ ਅਜੈ ਸ਼ਰਮਾ ਤੇ ਖਜ਼ਾਨਚੀ ਪਰਵੀਨ ਕੌਰ ਮਾਨ ਨੇ ਕਿਹਾ ਕਿ ਚਾਰ ਅਧਿਆਪਕਾਂ ਦਾ ਬਿਨਾਂ ਠੋਸ ਕਾਰਨ ਤਬਾਦਲਾ ਕਰਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਨੂੰ ਇਸ ਸਕੂਲ ਵਿੱਚ ਭੇਜਿਆ ਗਿਆ ਹੈ, ਉਨ੍ਹਾਂ ਨੂੰ ਵੀ ਆਪਣੀ ਬਦਲੀ ਬਾਰੇ ਜਾਣਕਾਰੀ ਨਹੀਂ ਹੈ।