ਯੂਟੀ ਦੇ ਸਾਲ 2015 ਬੈਚ ਦੇ ਅਧਿਆਪਕਾਂ ਨੂੰ ਹਾਲੇ ਤਕ ਪੱਕਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਅੱਜ ਵੱਡੀ ਗਿਣਤੀ ਅਧਿਆਪਕਾਂ ਨੇ ਜਾਮਾ ਮਸਜਿਦ ਗਰਾਊਂਡ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਟ ਦੇ ਹੁਕਮਾਂ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਨਾ ਪੱਕਾ ਕੀਤਾ ਜਾ ਰਿਹਾ ਹੈ ਤੇ ਨਾ ਹੀ ਵਿੱਤੀ ਲਾਭ ਦਿੱਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਸ ਬੈਚ ਦੇ ਅਧਿਆਪਕਾਂ ਦੀ ਭਰਤੀ ਵੇਲੇ ਪੇਪਰ ਲੀਕ ਹੋ ਗਿਆ ਸੀ ਜਿਸ ਕਾਰਨ ਇਸ ਬੈਚ ਦੇ ਅਧਿਆਪਕਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਇਹ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿਚ ਗੁਜ਼ੁਰ ਰਹੇ ਹਨ।
ਜੁਆਇੰਟ ਟੀਚਰਜ਼ ਐਸੋਸੀਏਸ਼ਨ ਦੇ ਆਗੂ ਰਣਵੀਰ ਝੋਰੜ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ ਅਧਿਆਪਕਾਂ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਸਾਲ 2002 ਤੇ 2004 ਦੇ ਐਚਸੀਐਸ ਅਧਿਕਾਰੀਆਂ ਨੂੰ ਯੂਪੀਐਸਸੀ ਨੇ ਤਰੱਕੀ ਦੇ ਦਿੱਤੀ ਹੈ ਜਦਕਿ ਉਨ੍ਹਾਂ ’ਤੇ ਕੇਸ ਕਾਫੀ ਸਮੇਂ ਤੋਂ ਲੰਬਿਤ ਪਏ ਹਨ। ਉਨ੍ਹਾਂ ਪ੍ਰਸ਼ਾਸਕ ਦੇ ਨਾਂ ਮੰਗ ਪੱਤਰ ਸੌਂਪਿਆ ਜਿਸ ਨੂੰ ਸਿੱਖਿਆ ਸਲਾਹਕਾਰ ਪਰਿਸ਼ਦ ਦੇ ਆਗੂ ਜਤਿੰਦਰਪਾਲ ਮਲਹੋਤਰਾ ਨੇ ਲੈਂਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਅਧਿਆਪਕਾਂ ਦੇ ਮਸਲੇ ਹਲ ਕਰਵਾਉਣ ਲਈ ਯਤਨ ਕਰਨਗੇ।