ਯੂਟੀ ਦੇ ਅਧਿਆਪਕਾਂ ਦੇ ਨੌਂ ਮਸਲੇ ਹੱਲ ਨਹੀਂ ਹੋ ਰਹੇ ਤੇ ਨਾ ਹੀ ਅਧਿਕਾਰੀ ਅਧਿਆਪਕਾਂ ਦੀ ਸਾਰ ਲੈ ਰਹੇ ਹਨ ਜਿਸ ਕਾਰਨ ਅਧਿਆਪਕ ਵਰਗ ਨਿਰਾਸ਼ ਹੈ। ਇਸ ਵਰਤਾਰੇ ਖ਼ਿਲਾਫ਼ ਚੰਡੀਗੜ੍ਹ ਟੀਚਰਜ਼ ਐਸੋਸੀਏਸ਼ਨ ਤਿੰਨ ਸਤੰਬਰ ਨੂੰ ਪਹਿਲੀ ਕਨਵੈਨਸ਼ਨ ਕਰੇਗੀ। ਇਹ ਕਨਵੈਨਸ਼ਨ ਟੈਗੋਰ ਥੀਏਟਰ ਵਿੱਚ ਹੋਵੇਗੀ ਜਿਸ ਵਿੱਚ ਅਧਿਆਪਕਾਂ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਮੱਗਰ ਸਿੱਖਿਆ ਅਧਿਆਪਕਾਂ ਨੂੰ ਕੇਂਦਰ ਦਾ ਸੱਤਵੇਂ ਪੇਅ ਕਮਿਸ਼ਨ ਦਿੱਤਾ ਜਾਵੇ, ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਤੇ ਡੀਏ ਦਿੱਤਾ ਜਾਵੇ, ਅਧਿਆਪਕਾਂ ਦੀਆਂ ਛੁੱਟੀਆਂ ਦਾ ਮਸਲਾ ਹੱਲ ਕੀਤਾ ਜਾਵੇ, ਡੈਪੂਟੇਸ਼ਨ ’ਤੇ ਤਾਇਨਾਤ ਅਧਿਆਪਕਾਂ ਦੀ ਸਮਾਂ ਸੀਮਾ ਤੈਅ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਤਾਇਨਾਤ ਜੂਨੀਅਰ ਤੇ ਸੀਨੀਅਰ ਕੰਪਿਊਟਰ ਇੰਸਟਰੱਕਟਰਾਂ ਦੇ ਬਕਾਏ ਨਹੀਂ ਦਿੱਤੇ ਜਾ ਰਹੇ, ਕਾਊਂਸਲਰਾਂ ਨੂੰ 12 ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ।
ਸੀਟੀਏ ਦੇ ਪ੍ਰਧਾਨ ਡਾ. ਰਮੇਸ਼ ਚੰਦ ਸ਼ਰਮਾ, ਚੇਅਰਮੈਨ ਗਗਨ ਸਿੰਘ ਸ਼ੇਖਾਵਤ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ, ਜਨਰਲ ਸਕੱਤਰ ਅਜੇ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਗੀਤਾ ਰਾਣੀ ਤੇ ਖਜ਼ਾਨਚੀ ਪਰਵੀਨ ਕੌਰ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਯੂਟੀ ਦੇ ਪ੍ਰਸ਼ਾਸਕ ਨੂੰ ਆਪਣਾ 9 ਨੁਕਾਤੀ ਮੰਗ ਪੱਤਰ ਦਿੱਤਾ ਗਿਆ ਸੀ ਤੇ ਭਰੋਸੇ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਪ੍ਰਸ਼ਾਸਨ ਨੂੰ ਅਧਿਆਪਕਾਂ ਦੀਆਂ ਮੰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।