ਗੁਰਦੁਆਰਾ ਉਸਾਰਨ ਦੀ ਮਨਜ਼ੂਰੀ ਨਾ ਮਿਲਣ ਕਾਰਨ ਰੋਸ
ਦੋ ਸਾਲ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ ਸੈਕਟਰ 88 ਤੇ 89 ਦੇ ਵਸਨੀਕ; ਸੰਸਦ ਮੈਂਬਰ ਤੇ ਵਿਧਾੲਿਕ ਨੂੰ ਮੰਗ ਪੱਤਰ ਦਿੱਤਾ
ਮੁਹਾਲੀ ਦੇ ਸੈਕਟਰ 89 ਵਿਚ ਗੁਰਦੁਆਰਾ ਸਾਹਿਬ ਲਈ ਪਲਾਟ ਰਾਖਵਾਂ ਰੱਖਿਆ ਹੋਣ ਦੇ ਬਾਵਜੂਦ ਗਮਾਡਾ ਕੋਲੋਂ ਉਸਾਰੀ ਦੀ ਮਨਜ਼ੂਰੀ ਹਾਸਲ ਕਰਨ ਲਈ ਸੈਕਟਰ 88 ਅਤੇ 89 ਦੇ ਵਸਨੀਕ ਅਤੇ ਦੋਵਾਂ ਸੈਕਟਰਾਂ ਵੱਲੋਂ ਬਣਾਈ ਹੋਈ ਗੁਰਦੁਆਰਾ ਸਿੰਘ ਸਭਾ ਸੁਸਾਇਟੀ ਦੋ ਸਾਲਾਂ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਹੀ ਹੈ। ਦੋਵੇਂ ਸੈਕਟਰਾਂ ਲਈ ਇੱਕੋ ਗੁਰਦੁਆਰਾ ਸਾਹਿਬ ਬਣਨਾ ਹੈ ਤੇ ਇੱਥੇ ਕੋਈ ਵੀ ਗੁਰਦੁਆਰਾ ਸਾਹਿਬ ਨਾ ਹੋਣ ਕਾਰਨ ਸੰਗਤ ਨੂੰ ਨਿੱਤਨੇਮ ਅਤੇ ਮੱਥਾ ਟੇਕਣ ਲਈ ਸੋਹਾਣਾ ਜਾਂ ਸੈਕਟਰ 71 ਦੇ ਤਿੰਨ ਤੋਂ ਚਾਰ ਕਿਲੋਮੀਟਰ ਦੂਰ ਪੈਂਦੇ ਗੁਰਦੁਆਰਿਆਂ ਵਿਚ ਜਾਣਾ ਪੈਂਦਾ ਹੈ।
ਸੁਸਾਇਟੀ ਦੇ ਪ੍ਰਧਾਨ ਗੁਰਮੁੱਖ ਸਿੰਘ, ਸਕੱਤਰ ਦੀਦਾਰ ਸਿੰਘ, ਉੱਪ ਪ੍ਰਧਾਨ ਨਰਿੰਦਰ ਸਿੰਘ ਮਾਨ, ਅਜੀਤ ਸਿੰਘ, ਮਲਕੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਗਮਾਡਾ ਅਧਿਕਾਰੀਆਂ ਤੋਂ ਇਲਾਵਾ ਵਿਭਾਗ ਦੇ ਮੰਤਰੀ, ਹਲਕੇ ਦੇ ਸੰਸਦ ਮੈਂਬਰ ਅਤੇ ਵਿਧਾਇਕ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸੇ ਸੈਕਟਰ ਵਿਚ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਪਲਾਟ ਵਿਚ ਮੰਦਰ ਅਤੇ ਚਰਚ ਦੀ ਕਦੋਂ ਦੀ ਉਸਾਰੀ ਹੋ ਚੁੱਕੀ ਹੈ ਪਰ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ ਅਤੇ ਇਸ ਕਥਿਤ ਪੱਖਪਾਤ ਕਾਰਨ ਸੰਗਤ ਵਿਚ ਰੋਸ ਹੈ।
ਉਨ੍ਹਾਂ ਦੱਸਿਆ ਕਿ ਅੱਜ ਇੱਕ ਵਫ਼ਦ ਨੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਕੁਲਵੰਤ ਸਿੰਘ ਨਾਲ ਦੁਬਾਰਾ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਵੱਲੋਂ ਮਨਜ਼ੂਰੀ ਨਾ ਦਿੱਤੀ ਗਈ ਤਾਂ ਸੰਗਤ ਆਪਣੇ ਤੌਰ ’ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਆਰੰਭ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
ਗੁਰਦੁਆਰੇ ਦੀ ਉਸਾਰੀ ਜਲਦੀ ਸ਼ੁਰੂ ਹੋਵੇਗੀ: ਕੰਗ
ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸਬੰਧਤ ਮਾਮਲੇ ਬਾਰੇ ਉਹ ਲੰਘੇ ਦਿਨ ਹੀ ਪੰਜਾਬ ਦੇ ਮੁੱਖ ਸਕੱਤਰ ਨੂੰ ਮਿਲ ਕੇ ਆਏ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਮਨਜ਼ੂਰੀ ਲਈ ਹੋਰ ਦੇਰੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਭਾਵਨਾਵਾਂ ਅਤੇ ਸਿੱਖ ਭਾਈਚਾਰੇ ਵਿਚ ਪੈਦਾ ਹੋ ਰਹੀ ਵਿਤਕਰੇ ਦੇ ਖਦਸ਼ਿਆਂ ਨੂੰ ਉਨ੍ਹਾਂ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ ਤੇ ਬਹੁਤ ਜਲਦੀ ਉਹ ਖ਼ੁਦ ਸ਼ਮੂਲੀਅਤ ਕਰਕੇ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਆਰੰਭ ਕਰਾ ਦੇਣਗੇ।

