ਇੱਥੋਂ ਦੇ ਪੋੋਸਟ-ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ’ਚ ਅੱਜ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਤੇ ਸਿੱਖਿਆ ਅਧਿਕਾਰੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕਾਲਜ ਵਿੱਚੋਂ ਹੀ ਬੀਪੀਐੱਡ ਕਰਨ ਵਾਲੇ ਐੱਮਪੀਐੱਡ ਕਰਨਾ ਚਾਹੁੰਦੇ ਹਨ ਪਰ ਕਾਲਜ ਵੱਲੋਂ ਕੋਰਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਬੀਐੱਸਸੀ ਆਨਰਜ਼ ਦਾ ਕੋਰਸ ਵੀ ਸ਼ੁਰੂ ਨਹੀਂ ਕੀਤਾ ਜਾ ਰਿਹਾ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੇ ਕਿਹਾ ਕਿ ਇਸ ਕਾਲਜ ਨੇ ਸੈਸ਼ਨ 2025-26 ਲਈ ਆਪਣੇ ਪ੍ਰਾਸਪੈਕਟਸ ਵਿਚ ਦੱਸਿਆ ਸੀ ਕਿ ਕਾਲਜ ’ਚ ਐੱਮਪੀਐੱਡ ਦਾ ਕੋਰਸ ਹੈ ਤੇ 40 ਸੀਟਾਂ ਹਨ ਪਰ ਹੁਣ ਕਾਲਜ ਨੇ ਇਸ ਕੋਰਸ ਦਾ ਲਿੰਕ ਹੀ ਹਟਾ ਦਿੱਤਾ ਹੈ। ਉਹ ਪਿਛਲੇ ਮਹੀਨੇ ਤੋਂ ਕਾਲਜ ਪ੍ਰਿੰਸੀਪਲ ਤੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ, ਕਾਲਜ ਦੇ ਪ੍ਰਿੰਸੀਪਲ ਜੇ ਕੇ ਸਹਿਗਲ ਨੇ ਦੱਸਿਆ ਕਿ ਉਹ ਕਾਲਜ ਦੇ ਵਿਦਿਆਰਥੀਆਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਤਕ ਪਹੁੰਚਾ ਚੁੱਕੇ ਹਨ, ਉਹ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰਵਾਉਣਗੇ।
ਐੱਸਡੀ ਕਾਲਜ ਵਿੱਚ ਦੋ ਲੜਕਿਆਂ ਦੀ ਕੁੱਟਮਾਰ; ਲੜਕੀ ਦੀ ਖਿੱਚ-ਧੂਹ
ਇੱਥੋਂ ਦੇ ਜੀਜੀਡੀ ਐੱਸਡੀ ਕਾਲਜ ਸੈਕਟਰ-32 ’ਚ ਅੱਜ ਮੁੜ ਇੱਕ ਧਿਰ ਦੇ ਵਿਦਿਆਰਥੀਆਂ ਨੇ ਦੂਜੀ ਧਿਰ ਦੇ ਦੋ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਤੇ ਇਨ੍ਹਾਂ ਦੀ ਸਾਥੀ ਵਿਦਿਆਰਥਣ ਦੀ ਵੀ ਖਿੱਚ-ਧੂਹ ਕੀਤੀ। ਜ਼ਖਮੀ ਵਿਦਿਆਰਥੀਆਂ ਨੂੰ ਸੈਕਟਰ-32 ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਕਾਲਜ ਵਿੱਚ ਬੀਤੇ ਦਿਨ ਵੀ ਦੋ ਧਿਰਾਂ ਵਿੱਚ ਲੜਾਈ ਹੋਈ ਸੀ। ਸੈਕਟਰ-34 ਦੇ ਐੱਸਐੱਚਓ ਸਤਿੰਦਰ ਕੁਮਾਰ ਨੇ ਝਗੜੇ ਦੀ ਪੁਸ਼ਟੀ ਕਰਦਿਆਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।